ਡਿਪਟੀ ਕਮਿਸ਼ਨਰ ਵੱਲੋਂ ਪਿੰਡ ਪੱਧਰੀ ਗ੍ਰਾਮ ਸੁਰੱਖਿਆ ਕਮੇਟੀਆਂ ਬਣਾਉਣ ਲਈ ਤਜ਼ਵੀਜਾਂ ਦੀ ਮੰਗ
ਮੋਗਾ 6 ਜੁਲਾਈ
ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਵੱਲੋਂ ਆਮ ਲੋਕਾਂ ਅਤੇ ਪੁਲਿਸ ਵਿੱਚ ਚੰਗੀ/ਸੁਚੱਜੀ ਭਾਈਚਾਰਕ ਸਾਂਝ ਬਨਾਉਣ, ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਦੇ ਨਾਲ ਆਮ ਪਬਲਿਕ ਦਾ ਸਰਲ/ਸੌਖਾ ਰਾਬਤਾ ਕਾਇਮ ਕਰਨ ਲਈ ਪਿੰਡ ਪੱਧਰ ਤੇ ਗ੍ਰਾਮ ਸੁਰੱਖਿਆ ਕਮੇਟੀਆਂ ਬਣਾਏ ਜਾਣ ਲਈ, ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਵੱਲੋਂ ਤਜ਼ਵੀਜਾਂ ਦੀ ਮੰਗ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਕਮੇਟੀਆਂ ਆਮ ਪਬਲਿਕ, ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਨਸ਼ਿਆ ਦੇ ਖਿਲਾਫ ਜਾਗਰੂਕ ਕਰਨ, ਨਸ਼ਿਆ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਨਸ਼ਾ ਛਡਾਉਣ ਲਈ ਉਤਸ਼ਾਹਿਤ ਕਰਨ ਅਤੇ ਨਸ਼ਿਆਂ ਦੇ ਸਮੱਗਲਰਾਂ ਬਾਰੇ ਗੁਪਤ ਜਾਣਕਾਰੀ ਨੂੰ ਸਾਂਝਾ ਕਰਨ ਦਾ ਕੰਮ ਕਰਨਗੀਆਂ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਮੂਹ ਬਲਾਕ ਵਿਕਾਸ ਪੰਚਾਇਤ ਅਫਸਰ, ਹਲਕਾ ਡੀ.ਐਸ.ਪੀ. ਨਾਲ ਮਿਲ ਕੇ, ਸਬੰਧਤ ਮੁੱਖ ਅਫਸਰ ਥਾਣਾ ਨਾਲ ਰਾਬਤਾ ਕਾਇਮ ਕਰਕੇ ਪਿੰਡ ਪੱਧਰ ਉੱਪਰ ਗ੍ਰਾਮ ਸੁਰੱਖਿਆ ਕਮੇਟੀਆਂ (ਵਿਲੇਜ਼ ਡਿਫੈਂਸ ਕਮੇਟੀਆਂ) ਦੇ ਮੈਂਬਰ ਚੁਣ ਕੇ ਫਾਈਨਲ ਲਿਸਟ ਤਿਆਰ ਕਰਕੇ ਪ੍ਰਵਾਨਗੀ ਹਿੱਤ ਭੇਜਣਗੀਆਂ। ਤਜ਼ਵੀਜਾਂ ਦੀ ਪ੍ਰਵਾਨਗੀ ਉਪਰੰਤ ਗ੍ਰਾਮ ਸੁਰੱਖਿਆ ਕਮੇਟੀ ਸਬੰਧੀ ਹੁਕਮ/ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨਾਲ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਸਫ਼ਲਤਾ ਮਿਲੇਗੀ ਅਤੇ ਨੌਜਵਾਨ ਪੀੜ੍ਹੀ ਨੂੰ ਸਫਲਤਾ ਦੇ ਰਾਹਾਂ ਉੱਪਰ ਤੋਰਿਆ ਜਾ ਸਕੇਗਾ।
ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਅਧੀਨ ਆਉਂਦੇ ਸਮੂਹ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਸਾਂਝੇ ਤੌਰ ਤੇ ਪਿੰਡ ਦੇ ਵਿੱਚ ਇਹੋ ਜਿਹੇ ਵਿਅਕਤੀਆਂ ਦੀ ਪਹਿਚਾਣ ਕਰਨਗੇ ਜੋ ਕਿ ਨਸ਼ਿਆਂ ਦੀ ਰੋਕਥਾਮ ਵਿੱਚ ਸਬ-ਡਵੀਜਨ ਪੱਧਰ ਤੇ ਗਠਿਤ ਕਮੇਟੀ ਨੂੰ ਮਦਦ ਕਰ ਸਕਣ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰ ਸਕਣ। ਇਹਨਾਂ ਵਿਅਕਤੀਆਂ ਪਾਸ ਆਪਣੇ ਨਿੱਜੀ ਪੱਧਰ ਤੇ ਬਿਨ੍ਹਾਂ ਕਿਸੇ ਸਰਕਾਰੀ ਅਦਾਰੇ ਤੇ ਕਾਰਵਾਈ ਕਰਨ ਦੇ ਅਖਤਿਆਰ/ਅਧਿਕਾਰ ਨਹੀਂ ਹੋਣਗੇ। ਇਸ ਤੋਂ ਇਲਾਵਾ ਇਹ ਅਧਿਕਾਰੀ ਮਹੀਨੇ ਵਿੱਚ ਦੋ ਵਾਰ ਮੀਟਿੰਗਾਂ ਕਰਕੇ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਦਫਤਰ ਜ਼ਿਲ੍ਹਾ ਮੈਜਿਸਟਰੇਟ, ਮੋਗਾ ਨੂੰ ਭੇਜਣ ਦੇ ਪਾਬੰਦ ਹੋਣਗੇ।