ਮਾਈਕਰੋ ਇਰੀਗੇਸ਼ਨ ਤਕਨੀਕਾਂ ਦੀ ਵੱਧ ਤੋਂ ਵੱਧ ਵਰਤੋਂ ਰਾਹੀਂ ਸਿੰਚਾਈ ਕਰਨ ਕਿਸਾਨ: ਡਿਪਟੀ ਕਮਿਸ਼ਨਰ
ਫਿਰੋਜ਼ਪੁਰ, 24 ਦਸੰਬਰ 2024.
ਕਿਸਾਨਾਂ ਨੂੰ ਨਹਿਰੀ ਮੋਘੇ ਤੋਂ ਆਪਣੇ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਜ਼ਮੀਨ ਦੋਜ਼ ਪਾਈਪਲਾਈਨ ਪਾਉਣ ਲਈ 90 ਫੀਸਦੀ ਸਬਸਿਡੀ ਦਾ ਲਾਭ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਆਪਣੇ ਖੇਤ ਦੇ ਟਿਊਬਵੈਲ ਤੋਂ ਖੇਤਾਂ ਤੱਕ ਪਾਈਪਲਾਈਨ ਪਾਉਣ ਲਈ ਨਿੱਜੀ ਪ੍ਰੋਜੈਕਟਾਂ ਵਾਸਤੇ 50 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕਿਸਾਨਾਂ ਨੂੰ ਉਕਤ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੇ ਲਈ ਅਪੀਲ ਕੀਤੀ। ਉਨ੍ਹਾਂ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਫਿਰੋਜਪੁਰ ਦੇ ਅਧਿਕਾਰੀਆਂ ਤੋਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਮੀਟਿੰਗ ਦੌਰਾਨ ਲਈ ਅਤੇ ਕਿਸਾਨਾਂ ਨੂੰ ਵਿਭਾਗ ਦੀਆਂ ਸਕੀਮਾਂ ਦਾ ਲਾਭ ਦੇਣ ਲਈ ਵਿਚਾਰ—ਵਟਾਂਦਰਾ ਕੀਤਾ।ਇਸ ਮੀਟਿੰਗ ਵਿੱਚ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਸ਼੍ਰੀ ਗੁਰਿੰਦਰ ਸਿੰਘ, ਮੰਡਲ ਭੂਮੀ ਰੱਖਿਆ ਅਫਸਰ, ਫਿਰੋਜਪੁਰ ਅਤੇ ਸ਼੍ਰੀ ਗੁਰਮੀਤ ਸਿੰਘ ਭੂਮੀ ਰੱਖਿਆ ਅਫਸਰ ਫਿਰੋਜਪੁਰ ਮੌਜੂਦ ਸਨ।
ਮੰਡਲ ਭੂਮੀ ਰੱਖਿਆ ਅਫਸਰ ਗੁਰਿੰਦਰ ਸਿੰਘ ਨੇ ਦੱਸਿਆ ਗਿਆ ਕਿ ਵਿਭਾਗ ਵੱਲੋਂ ਪਾਣੀ ਦੀ ਬਚਤ ਲਈ ਵੱਖ—ਵੱਖ ਸਕੀਮਾਂ ਚਲਾਈਆ ਜਾ ਰਹੀਆਂ ਹਨ, ਜਿਸ ਅਧੀਨ ਨਹਿਰੀ ਮੋਘੇ ਤੋਂ ਜਮੀਨ ਦੋਜ਼ ਪਾਈਪਲਾਈਨ ਪਾਉਣ ਲਈ ਜ਼ਿਮੀਦਾਰਾਂ ਨੂੰ 90 ਫੀਸਦੀ ਸਬਸਿਡੀ ਦਾ ਲਾਭ ਦਿੱਤਾ ਜਾ ਰਿਹਾ ਹੈ ਅਤੇ ਟਿਊਬਵੈਲ ਤੋਂ ਪਾਈਪਲਾਈਨ ਪਾਉਣ ਲਈ ਨਿੱਜੀ ਪ੍ਰੋਜੈਕਟਾਂ ਲਈ 50 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਜਮੀਨ ਦੋਜ਼ ਪਾਈਪਲਾਈਨ ਦੀ ਵਰਤੋਂ ਨਾਲ ਤਕਰੀਬਨ 20 ਤੋਂ 30 ਫੀਸਦੀ ਪਾਣੀ ਦੀ ਬਚਤ ਹੁੰਦੀ ਹੈ। ਇਹਨਾਂ ਸਕੀਮਾਂ ਅਧੀਨ ਇਸ ਸਾਲ ਦੌਰਾਨ ਲਗਭਗ 258 ਹੈਕਟੇਅਰ ਰਕਬੇ ਨੂੰ ਲਾਭ ਦਿੱਤਾ ਜਾ ਚੁੱਕਾ ਹੈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਮਾਈਕਰੋ ਇਰੀਗੇਸ਼ਨ ਤਕਨੀਕਾਂ ਦੀ ਵਰਤੋਂ ਵਧੇਰੇ ਕਰਨ ਲਈ ਕਿਸਾਨਾਂ ਨੂੰ ਉਤਾਸ਼ਾਹਿਤ ਕਰਨ ਤੇ ਜ਼ੋਰ ਦਿੱਤਾ ਗਿਆ।ਇਸ ਦੇ ਨਾਲ—ਨਾਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੀਵਰੇਜ਼ ਟਰੀਟਮੈਂਟ ਪਲਾਟਾਂ ਦੇ ਸਾਫ ਪਾਣੀ ਦੀ ਖੇਤੀ ਲਈ ਵਰਤੋਂ ਵਾਸਤੇ 100 ਫੀਸਦੀ ਸਬਸਿਡੀ ਮੁਹੱਈਆਂ ਕਰਵਾ ਕੇ ਜਮੀਨਦੋਜ਼ ਪਾਈਪਲਾਈਨ ਪਾ ਕੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ। ਇਸ ਸਕੀਮ ਅਧੀਨ ਐਸ.ਟੀ.ਪੀ. ਜੀਰਾ ਤੋ 296 ਹੈਕ., ਐਸ.ਟੀ.ਪੀ. ਤਲਵੰਡੀ ਭਾਈ ਤੋਂ 130 ਹੈਕ. ਅਤੇ ਐਸ.ਟੀ.ਪੀ. ਮੱਖੂ ਤੋਂ 121 ਹੈਕ. ਰਕਬੇ ਨੂੰ ਲਾਭ ਪਹੁੰਚਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਐਸ.ਟੀ.ਪੀ ਫਿਰੋਜਪੁਰ, ਮਮਦੋਟ , ਗੁਰੂਹਰਸਹਾਏ ਅਤੇ ਮੱਲਾਂਵਾਲਾ ਤੋਂ ਵੀ ਭਵਿੱਖ ਵਿੱਚ ਕਿਸਾਨਾਂ ਨੁੰ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ। ਇਸ ਨਾਲ ਧਰਤੀ ਹੇਠਲੇ ਪਾਣੀ ਦੀ ਵਰਤੋਂ ਘੱਟ ਹੋਵੇਗੀ ਅਤੇ ਪਾਣ ਦੀ ਬਚਤ ਹੋਵੇਗੀ। ਇਸ ਦੇ ਨਾਲ—ਨਾਲ ਵਿਭਾਗ ਵੱਲੋਂ ਪਾਣੀ ਦੀ ਸੁੱਚਜੀ ਵਰਤੋਂ ਲਈ ਸਾਫ ਪਾਣੀ ਵਾਲੇ (ਖੇਤੀ ਯੋਗ) ਪਿੰਡਾਂ ਦੇ ਛੱਪੜਾਂ ਤੋਂ ਕਿਸਾਨਾਂ ਦੇ ਖੇਤਾਂ ਤੱਕ ਪਾਈਪਲਾਈਨ ਪਾਉਣ ਦਾ ਕੰਮ 100 ਫੀਸਦੀ ਸਬਸਿਡੀ ਤੇ ਕੀਤਾ ਜਾ ਰਿਹਾ ਹੈ। ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਬਿਲਡਿੰਗ ਦੀਆਂ ਛੱਤਾਂ ਰਾਹੀਂ ਮੀਂਹ ਦੇ ਪਾਣੀ ਨੂੰ ਧਰਤੀ ਹੇਠਾਂ ਰਿਚਾਰਜ ਕਰਨ ਲਈ ਰੂਫ ਟਾਪ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਸਕੀਮ ਦਾ ਲਾਭ ਸਰਕਾਰੀ ਅਦਾਰਿਆਂ/ਸਕੂਲਾਂ ਨੂੰ ਦਿੱਤਾ ਜਾ ਰਿਹਾ ਹੈ। ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਵੱਡੇ ਪੱਧਰ ਤੇ ਪਾਣੀ ਦੀ ਬਚਤ ਕਰਨ ਵਾਲੀਆਂ ਤਕਨੀਕਾਂ ਤੇ ਕੰਮ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵਿਸਥਾਰ ਦੇ ਨਾਲ ਚਰਚਾ ਕਰਦੇ ਹੋਏ ਕਿਸਾਨਾਂ ਨੂੰ ਮਾਈਕਰੋ ਇਰੀਗੇਸ਼ਨ ਤਕਨੀਕਾਂ ਦੀ ਸਹਾਇਤਾ ਨਾਲ ਵੱਧ ਤੋਂ ਵੱਧ ਸਿੰਚਾਈ ਕਰਨ ਦੇ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਅਧਿਕਾਰੀਆਂ ਨੂੰ ਉਤਸਾਹਿਤ ਕੀਤਾ।