ਪੋਸ਼ਨ ਮਾਹ ਦੌਰਾਨ ਸੂਬੇ ਵਿੱਚ 'ਇੱਕ ਪੌਦਾ ਆਪਣੀ ਮਾਂ ਦੇ ਨਾਮ' ਤੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ: ਡਾ. ਬਲਜੀਤ ਕੌਰ
ਚੰਡੀਗੜ੍ਹ, 31 ਅਗਸਤ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਵੱਲੋਂ ਸਤੰਬਰ ਮਹੀਨੇ ਨੂੰ ਪੋਸ਼ਣ ਮਾਹ ਵਜੋਂ ਮਨਾਇਆ ਜਾ ਰਿਹਾ ਹੈ। ਪੋਸ਼ਨ ਮਾਹ ਦੌਰਾਨ ਸੂਬੇ ਵਿੱਚ 'ਇੱਕ ਪੌਦਾ ਆਪਣੀ ਮਾਂ ਦੇ ਨਾਮ' ਤੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰਾ ਭਰਾ ਬਣਾਉਣ ਦੇ ਸੰਕਲਪ ਦੀ ਪ੍ਰੇਰਣਾ ਨਾਲ–ਇਕ ਪੌਦਾ ਆਪਣੀ ਮਾਂ ਦੇ ਨਾਮ- ਪੋਸ਼ਣ ਮਾਹ ਦੌਰਾਨ ਮੁੱਖ ਵਿਸ਼ਾ ਰੱਖਿਆ ਗਿਆ ਹੈ।
ਡਾ: ਬਲਜੀਤ ਕੌਰ ਨੇ ਦੱਸਿਆ ਕਿ ਗੰਧਲਾ ਹੋ ਰਿਹਾ ਵਾਤਾਵਰਨ ਅੱਜ ਪੂਰੀ ਮਨੁੱਖਤਾ ਲਈ ਇਕ ਵੱਡੀ ਚੁਣੌਤੀ ਹੈ ਅਤੇ ਇਸ ਨਾਲ ਕਾਦਰ ਦੀ ਕੁਦਰਤ ਵੱਲੋਂ ਸਾਜੀ ਇਸ ਧਰਤ ਸੁਹਾਵਣੀ ਤੇ ਮਾਨਵ ਜਾਤੀ ਦਾ ਭਵਿੱਖ ਅਸੁਰੱਖਿਅਤ ਹੋਣ ਲੱਗਿਆ ਹੈ। ਇਸ ਲਈ ਜਰੂਰੀ ਹੈ ਕਿ ਜਿਆਦਾ ਤੋਂ ਜਿਆਦਾ ਰੁੱਖ ਲਗਾਏ ਜਾਣ। ਰੁੱਖ ਸਿਰਫ ਲਗਾਏ ਹੀ ਨਾ ਜਾਣ ਸਗੋਂ ਉਨ੍ਹਾਂ ਨੂੰ ਸੰਭਾਲਿਆਂ ਵੀ ਜਾਵੇ। ਇਸ ਲਈ ਪੰਜਾਬ ਸਰਕਾਰ ਦੇ ਵਾਤਾਵਰਨ ਨੂੰ ਬਚਾਉਣ ਦੇ ਸੁਹਿਰਦ ਯਤਨਾਂ ਦੀ ਲੜੀ ਤਹਿਤ ਇਹ ਮੁਹਿੰਮ ਆਰੰਭ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਪੋਸ਼ਣ ਮਾਹ ਇੱਕ ਸਤੰਬਰ ਤੋਂ 30 ਸਤੰਬਰ ਤੱਕ ਸੂਬੇ ਭਰ ਵਿੱਚ ਮਨਾਇਆ ਜਾ ਰਿਹਾ ਹੈ।
ਮੰਤਰੀ ਨੇ ਦੱਸਿਆ ਕਿ ਇਸ ਅਭਿਆਨ ਤਹਿਤ ਆਪਣੀ ਮਾਂ ਦੇ ਨਾਮ ਤੇ ਪੌਦੇ ਲਗਾਉਣ ਦੀ ਮੁਹਿੰਮ ਇਸ ਲਈ ਸ਼ੁਰੂ ਕੀਤੀ ਗਈ ਹੈ ਤਾਂ ਕਿ ਇਸ ਮੁਹਿੰਮ ਤਹਿਤ ਲਗਾਏ ਪੌਦਿਆਂ ਨਾਲ ਲਗਾਉਣ ਵਾਲਿਆਂ ਦੀ ਭਾਵਨਾਤਮਕ ਸਾਂਝ ਪਾਈ ਜਾ ਸਕੇ ਅਤੇ ਉਹ ਪੌਦਾ ਲਗਾਉਣ ਤੋਂ ਬਾਅਦ ਉਸਨੂੰ ਭੁੱਲ ਨਾ ਜਾਣ ਸਗੋਂ ਉਸਦੀ ਸਾਂਭ ਸੰਭਾਲ ਕਰਦੇ ਰਹਿਣ ਤਾਂ ਜੋ ਇਸ ਮੁਹਿੰਮ ਤਹਿਤ ਲਗਾਏ ਪੌਦੇ ਇਕ ਵੱਡੇ ਰੁੱਖ ਬਣਕੇ ਸਾਨੂੰ ਪ੍ਰਾਣ ਵਾਯੂ ਦੇ ਸਕਣ। ਉਨ੍ਹਾਂ ਨੇ ਇਸ ਮੁਹਿੰਮ ਨਾਲ ਹਰੇਕ ਪਰਿਵਾਰ ਨੂੰ ਜੁੜਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਜਨਭਾਗੀਦਾਰੀ ਨਾਲ ਅਸੀਂ ਇਸ ਨੂੰ ਸਫਲ ਕਰਾਂਗੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਮੁਹਿੰਮ ਸਿਰਫ ਸਰਕਾਰੀ ਉਪਰਾਲਾ ਨਹੀਂ, ਇਸ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦਾ ਸਟਾਫ ਆਂਗਣਵਾੜੀ ਵਰਕਰਾਂ, ਹੈਲਪਰਾਂ, ਸੁਪਰਵਾਈਜ਼ਰਾਂ ਅਤੇ ਸੀਡੀਪੀਓਜ਼ ਵੱਲੋਂ ਐਨ.ਜੀ.ਓਜ਼, ਆਸ਼ਾ ਵਰਕਰਾਂ, ਏਐਨਐਮਜ਼, ਖੇਤੀਬਾੜੀ ਸਭਾਵਾਂ, ਸਹਿਕਾਰੀ ਸਭਾਵਾਂ, ਸਵੈ-ਸਹਾਇਤਾ ਸਮੂਹਾਂ, ਯੂਥ ਕਲੱਬਾਂ ਆਦਿ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।
ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਅਨੀਮੀਆ ਅਤੇ ਢੁਕਵੀਂ ਸਾਫ-ਸਫਾਈ ਬਾਰੇ ਜਾਗਰੂਕਤਾ ਫੈਲਾਉਣ 'ਤੇ ਧਿਆਨ ਦਿੱਤਾ ਜਾਵੇਗਾ। ਇਸ ਦਾ ਉਦੇਸ਼ ਉਹਨਾਂ ਨੂੰ ਕਸਰਤ ਅਤੇ ਵਾਤਾਵਰਣ ਸੁਧਾਰ ਦੇ ਨਾਲ-ਨਾਲ ਸਿਹਤਮੰਦ ਅਤੇ ਪੌਸ਼ਟਿਕ ਖੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ।