ਈ. ਟੀ. ਓ. ਵਲੋਂ ਜੰਡਿਆਲਾ ਹਲਕੇ ਦੇ 90 ਫੀਸਦ ਤੋਂ ਵੱਧ ਨੰਬਰ ਲੈਣ ਵਾਲੇ ਦਸਵੀਂ ਅਤੇ ਬਾਰਹਵੀਂ ਦੇ ਬੱਚੇ ਸਨਮਾਨਤ
ਈ. ਟੀ. ਓ. ਵਲੋਂ ਜੰਡਿਆਲਾ ਹਲਕੇ ਦੇ 90 ਫੀਸਦ ਤੋਂ ਵੱਧ ਨੰਬਰ ਲੈਣ ਵਾਲੇ ਦਸਵੀਂ ਅਤੇ ਬਾਰਹਵੀਂ ਦੇ ਬੱਚੇ ਸਨਮਾਨਤ
ਸਾਡੀ ਸਰਕਾਰ ਦੇ ਕਾਰਜਕਾਲ ਵਿੱਚ ਪੜ੍ਹਾਈ ਦਾ ਪੱਧਰ ਵਧਿਆ – ਈ ਟੀ ਓ
ਮਿਹਨਤ ਨਾਲ ਬੱਚੇ ਪ੍ਰਾਪਤ ਕਰ ਸਕਦੇ ਹਨ ਮਨਚਾਹਾ ਟੀਚਾ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ 9 ਅਗਸਤ 2024—
ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਜੰਡਿਆਲਾ ਗੁਰੂ ਹਲਕੇ ਦੇ 90ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਦਸਵੀਂ ਅਤੇ ਬਾਰਹਵੀਂ ਕਲਾਸ ਦੇ ਬੱਚਿਆਂ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਇਆ। ਜਿਸ ਵਿੱਚ ਉਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ , ਐਸ.ਐਸ.ਪੀ. ਸ: ਚਰਨਜੀਤ ਸਿੰਘ, ਅਤੇ ਹੋਰ ਅਧਿਕਾਰੀ ਬੱਚਿਆਂ ਦਾ ਹੌਂਸਲਾ ਵਧਾਉਣ ਲਈ ਪਹੁੰਚੇ। ਇਸ ਮੌਕੇ ਸੰਬੋਧਨ ਕਰਦੇ ਸ: ਹਰਭਜਨ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਪੜ੍ਹਾਈ ਦਾ ਪੱਧਰ ਵਧਿਆ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਮੈਂ 80 ਫੀਸਦ ਤੋਂ ਵੱਧ ਨੰਬਰ ਲੈਣ ਵਾਲੇ ਆਪਣੇ ਹਲਕੇ ਦੇ ਅਜਿਹੇ ਬੱਚਿਆਂ ਦਾ ਸਨਮਾਨ ਕੀਤਾ ਸੀ, ਜਿਨ੍ਹਾਂ ਦੀ ਗਿਣਤੀ 250 ਦੇ ਕਰੀਬ ਸੀ। ਇਸ ਵਾਰ ਅਸੀਂ ਆਪਣਾ ਟੀਚਾ ਵਧਾ ਕੇ 90 ਫੀਸਦ ਤੋਂ ਵੱਧ ਨੰਬਰ ਲੈਣ ਵਾਲੇ ਆਪਣੇ ਹਲਕੇ ਦੇ ਬੱਚਿਆਂ ਨੂੰ ਸਨਮਾਨਤ ਕੀਤਾ ਹੈ, ਤਾਂ ਮੈਨੂੰ ਇਹ ਦੇਖ ਕੇ ਬੜੀ ਖੁਸ਼ੀ ਹੋਈ ਕਿ ਅੱਜ 32 ਸਕੂਲਾਂ ਦੇ 271 ਬੱਚਿਆਂ ਨੇ ਇਹ ਸਨਮਾਨ ਪ੍ਰਾਪਤ ਕੀਤਾ ਹੈ। ਉਨਾਂ ਕਿਹਾ ਕਿ ਇਹ ਪ੍ਰਾਪਤੀ ਕੇਵਲ ਜੰਡਿਆਲਾ ਗੁਰੂ ਹਲਕੇ ਦੀ ਹੀ ਨਹੀਂ ਬਲਿਕ ਸਮੁੱਚੇ ਪੰਜਾਬ ਦੀ ਹੈ। ਉਨਾਂ ਦੱਸਿਆ ਕਿ ਜੰਡਿਆਲਾ ਗੁਰੂ ਦੇ ਸਕੂਲ ਆਫ ਐਮੀਨੈਂਸ 34 ਬੱਚੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸ਼ਮੇਸ਼ ਨਗਰ ਦੇ 18 ਬੱਚੇ 90 ਫੀਸਦ ਤੋਂ ਵੱਧ ਨੰਬਰ ਲੈਣ ਵਾਲਿਆਂ ਵਿੱਚ ਸ਼ਾਮਲ ਹਨ। ਉਨਾਂ ਕਿਹਾ ਕਿ ਮੈਂ ਆਪਣੇ ਹਲਕੇ ਦੇ ਸਾਰੇ ਸਕੂਲਾਂ ਦਾ ਦੌਰਾ ਕਰ ਚੁੱਕਾ ਹਾਂ ਅਤੇ ਹਰੇਕ ਸਕੂਲ ਦੀ ਸਮੱਸਿਆ ਨੂੰ ਆਪਣੀ ਨਿੱਜੀ ਸਮੱਸਿਆ ਸਮਝ ਕੇ ਦੂਰ ਕੀਤਾ ਹੈ। ਜਿਸ ਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ। ਉਨਾਂ ਬੱਚਿਆਂ ਨੂੰ ਚੰਗੇ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਮਾਤਾ–ਪਿਤਾ ਨੂੰ ਮੁਬਾਰਕਾਂ ਦਿੱਤੀਆਂ।
ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਕਿਹਾ ਕਿ ਅੱਜ ਦੇ ਬੱਚੇ ਸਾਡਾ ਭਵਿੱਖ ਹਨ ਅਤੇ ਅੱਗੇ ਚੱਲ ਕੇ ਇਨ੍ਹਾਂ ਵਿੱਚੋਂ ਕੁਝ ਬੱਚਿਆਂ ਨੇ ਸਿਆਸਤ, ਡਾਕਟਰ, ਇੰਜਨੀਅਰ ਅਤੇ ਵੱਡੇ ਅਧਿਕਾਰੀ ਬਨਣਾ ਹੈ। ਉਨਾਂ ਦੱਸਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਹਲਕੇ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ 90 ਫੀਸਦ ਤੋਂ ਵੱਧ ਨੰਬਰ ਲੈਣ ਵਿੱਚ ਕਾਮਯਾਬ ਰਹੇ ਹਨ। ਉਨਾਂ ਆਪਣੀ ਪੜ੍ਹਾਈ ਦੇ ਤਜ਼ਰਬੇ ਦਸੱਦਿਆਂ ਬੱਚਿਆਂ ਨੂੰ ਨਿਸ਼ਾਨਾ ਮਿੱਥ ਕੇ ਅੱਗੇ ਵੱਧਣ ਦਾ ਸੱਦਾ ਦਿੰਦਿਆਂ ਕਿਹਾ ਕਿ ਮਿਹਨਤ ਨਾਲ ਬੱਚੇ ਮਨਚਾਹਾ ਟੀਚਾ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਸ: ਚਰਨਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਵਿੱਚੋਂ ਹੀ ਕੁਝ ਨੇ ਇਸੇ ਹੀ ਕੁਰਸੀ ਤੇ ਬੈਠ ਕੇ ਦੂਜੇ ਬੱਚਿਆਂ ਨੂੰ ਸਨਮਾਨਤ ਕਰਨਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਪੜ੍ਹ ਲਿਖ ਕੇ ਆਪਣੇ ਮਾਤਾ ਪਿਤਾ, ਜਿਲ੍ਹੇ ਦਾ ਨਾਮ ਰੋਸ਼ਨ ਕਰਨ। ਉਨਾਂ ਕਿਹਾ ਕਿ ਤੁਸੀਂ ਹੀ ਦੇਸ਼ ਦਾ ਭਵਿੱਖ ਹੋ ਅਤੇ ਦੇਸ਼ ਨੂੰ ਤੁਹਾਡੇ ਤੇ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਆਪਣੀ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਅਵੱਲ ਆ ਕੇ ਆਪਣਾ, ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕਰ ਸਕਣ।
ਇਸ ਮੌਕੇ ਮਾਤਾ ਸੁਰਿੰਦਰ ਕੌਰ, ਸ੍ਰੀਮਤੀ ਸੁਹਿੰਦਰ ਕੌਰ, ਡੀ.ਈ.ਓ ਹਰਭਗਵੰਤ ਸਿੰਘ, ਸ੍ਰੀ ਨਰੇਸ਼ ਪਾਠਕ, ਚੇਅਰਮੈਨ ਛਨਾਖ ਸਿੰਘ, ਚੇਅਰਮੈਨ ਗੁਰਬਿੰਦਰ ਸਿੰਘ, ਡੀ.ਐਸ.ਡੀ. ਕਰਨ ਸ਼ਰਮਾ ਅਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।