ਸਿਹਤ ਵਿਭਾਗ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ-ਡਾ. ਰਣਜੀਤ ਸਿੰਘ ਰਾਏ
ਮਾਨਸਾ, 13 ਦਸੰਬਰ :
ਡਿਪਟੀ ਕਮਿਸਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ. ਏ. ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਵੱਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲੈਣ ਲਈ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਸਿਵਲ ਸਰਜਨ ਵੱਲੋਂ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਜਿੱਥੇ ਹਾਲ-ਚਾਲ ਪੁੱਛਿਆ ਗਿਆ, ਉਥੇ ਹੀ ਉਨ੍ਹਾਂ ਤੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸੇਵਾਵਾਂ, ਪੀਣ ਵਾਲੇ ਪਾਣੀ, ਬਾਥਰੂਮਾਂ ਦੀ ਸਫਾਈ ਅਤੇ ਮੁਫ਼ਤ ਖਾਣਾ ਮਿਲਣ ਸਬੰਧੀ ਜਾਣਕਾਰੀ ਲਈ। ਉਨ੍ਹਾਂ ਸਰਦੀਆਂ ਦੇ ਮੌਸਮ ਲਈ ਹਸਪਤਾਲ ਵੱਲੋਂ ਤਿਆਰੀ ਦੀ ਸਮੀਖਿਆ ਕੀਤੀ ਅਤੇ ਲੇਬਰ ਰੂਮ ਤੇ ਆਪ੍ਰੇਸ਼ਨ ਥੀਏਟਰ ਵਿੱਚ ਆਇਲ ਹੀਟਰ ਮੁੱਹਈਆ ਕਰਵਾਉਣ ਲਈ ਸਿਹਤ ਟੀਮ ਦੀ ਸ਼ਲਾਘਾ ਕੀਤੀ।
ਸੀਨੀਅਰ ਮੈਡੀਕਲ ਅਫਸਰ ਡਾ. ਬਲਜੀਤ ਕੌਰ ਵੱਲੋਂ ਗਰਭਵਤੀ ਮਾਵਾਂ ਅਤੇ ਜਣੇਪਾ ਸੇਵਾਵਾਂ ਸਬੰਧੀ ਵਿਸ਼ਵਾਸ ਦਿਵਾੳਂਦਿਆਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਮਰੀਜ਼ਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਦੌਰਾਨ 32 ਔਰਤਾਂ ਨੂੰ ਸਫਲ ਜਣੇਪਾ ਸੇਵਾਵਾਂ ਮੁੱਹਈਆ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਉਚ ਜੋਖ਼ਮ ਗਰਭਵਤੀ ਔਰਤ ਦਾ ਸੱਤਵੇਂ ਮਹੀਨੇ ਦੇ ਸਮੇਂ ਦਾ ਸਫ਼ਲ ਜਣੇਪਾ ਕਰਕੇ ਬੱਚੇ ਦੀ ਜਾਨ ਬਚਾਈ ਗਈ।