ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ

ਰੋਸ਼ਨੀ ਦਾ ਤਿਉਹਾਰ ਦੀਵਾਲੀ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਹੈ। ਭਾਰਤੀ ਲੋਕ ਇਹ ਤਿਉਹਾਰ ਪੂਰੀ ਸ਼ਰਧਾ ਅਤੇ ਚਾਅ ਨਾਲ ਮਨਾਉਂਦੇ ਹਨ। ਹਿੰਦੂ ਭਾਈਚਾਰੇ ਵੱਲੋਂ ਇਹ ਸ੍ਰੀ ਰਾਮ ਚੰਦਰ, ਸੀਤਾ ਅਤੇ ਲਕਸ਼ਮਣ ਜੀ ਦੇ ਬਣਵਾਸ ਕੱਟਕੇ ਅਯੁੱਧਿਆ ਪਰਤਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਦੂਜੇ ਪਾਸੇ ਸਿੱਖ ਦੀਵਾਲੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਦੇ ਅੰਮ੍ਰਿਤਸਰ ਪਰਤਣ ਦੀ ਖ਼ੁਸ਼ੀ ਨਾਲ ਜੋੜਦੇ ਹਨ ਅਤੇ ਇਸ ਤਿਉਹਾਰ ਨੂੰ ‘ਬੰਦੀ ਛੋੜ ਦਿਵਸ’ ਕਹਿ ਕੇ ਵੀ ਮਨਾਉਂਦੇ ਹਨ ਪਰ ਚਿਰ-ਕਾਲ ਤੋਂ ਚੱਲੀ ਆ ਰਹੀ ਰਵਾਇਤ ਅਧੀਨ ਦੀਵਾਲੀ ਦਾ ਤਿਉਹਾਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਹਮੇਸ਼ਾਂ ਹੀ ਮਹੱਤਵਪੂਰਨ ਰਿਹਾ ਹੈ। ਅਠਾਰ੍ਹਵੀਂ ਸਦੀ ’ਚ ਬਹੁਤ ਮੰਦਹਾਲੀ ਵਿੱਚ ਦਿਨ ਬਿਤਾ ਰਹੇ ਸਿੱਖ ਲੁਕ-ਛਿਪ ਕੇ ਹੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਸਨ ਤਾਂ ਵੀ ਦੀਵਾਲੀ ਦੇ ਦਿਨ ਇਕੱਠੇ ਹੋਣ ਲਈ ਉਨ੍ਹਾਂ ਦਾ ਵਿਸ਼ੇਸ਼ ਪ੍ਰੋਗਰਾਮ ਹੁੰਦਾ ਸੀ। ਇੱਥੇ ਬੈਠ ਕੇ ਉਹ ਸਿੱਖੀ ਸਿਦਕ ਨਿਭਾਉਣ ਹਿੱਤ ਕਈ ਮਤੇ ਕਰਦੇ ਸਨ। ਸਿੱਖਾਂ ਨੂੰ ਦੀਵਾਲੀ ਮੌਕੇ ਦਰਬਾਰ ਸਾਹਿਬ ਆਉਣ ਦੀ ਵਿਸ਼ੇਸ਼ ਰਿਆਇਤ ਦਿੱਤੀ ਜਾਂਦੀ ਸੀ ਭਾਵੇਂ ਮੁਸਲਮਾਨ ਹੁਕਮਰਾਨਾਂ ਦੀ ਕੁਟਲ-ਨੀਤੀ ਤੋਂ ਸਿੱਖ ਅਵੇਸਲੇ ਨਹੀਂ ਸਨ। ਅਜਿਹੀ ਹੀ ਇੱਕ ਘਟਨਾ 1737 ਵਿੱਚ ਵਾਪਰੀ ਜਦੋਂ ਪਹਿਲਾਂ ਤਾਂ ਸਿੱਖਾਂ ਨੂੰ ਦਰਬਾਰ ਸਾਹਿਬ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਅਤੇ ਫਿਰ ਉਨ੍ਹਾਂ ਦੀ ਅੰਮ੍ਰਿਤਸਰ ਆਮਦ ’ਤੇ ਰੋਕ ਲਾ ਦਿੱਤੀ ਗਈ। ਸਿੱਟੇ ਵਜੋਂ ਸੰਗਤਾਂ ਪੁੱਜ ਨਾ ਸਕੀਆਂ। ਚੜ੍ਹਾਵਾ ਬਹੁਤ ਘੱਟ ਆਇਆ ਅਤੇ ਮੁਗ਼ਲ ਹਕੂਮਤ ਦੇ ਜ਼ਕਰੀਆ ਖ਼ਾਨ ਦਾ ਜਜ਼ੀਆ ਦੇਣਾ ਮੁਸ਼ਕਲ ਹੋ ਗਿਆ, ਜਿਸ ਦੀ ਅਦਾਇਗੀ ਭਾਈ ਮਨੀ ਸਿੰਘ ਦੀ ਸ਼ਹੀਦੀ ਨਾਲ ਹੋਈ। ਭਾਈ ਸਾਹਿਬ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਸਿੱਖਾਂ ਨੂੰ ਦੀਵਾਲੀ ਸ਼ਹੀਦੀ ਦੀ ਯਾਦ ਵੀ ਦਿਵਾਉਂਦੀ ਹੈ। ਦੀਵਾਲੀ ਦਾ ਮੇਲਾ ਵੀ ਹੈ ਅਤੇ ਤਿਉਹਾਰ ਵੀ ਅਖਵਾਉਂਦਾ ਹੈ। ਮੇਲਾ ਸ਼ਬਦ ਲੋਕਾਂ ਦੇ ਇਕੱਠ ਅਤੇ ਤਿਉਹਾਰ ਸ਼ਬਦ ਸੁਗਾਤਾਂ ਦੇ ਦੇਣ-ਲੈਣ ਨਾਲ ਜੁੜਦਾ ਹੈ। ਤਿਉਹਾਰ ਦਾ ਮੂਲ-ਸ਼ਬਦ ‘ਤਿਉਰ’ ਪੰਜਾਬੀ ਭਾਸ਼ਾ ਵਿੱਚ ਉਹ ਤੋਹਫ਼ਾ ਜਾਂ ਸੁਗਾਤ ਹੈ ਜੋ ਲੜਕੀ ਨੂੰ ਉਸ ਦੇ ਵਿਆਹ ਵੇਲੇ ਦਿੱਤਾ ਜਾਂਦਾ ਹੈ। ਸ਼ਬਦ ਤਿਉਹਾਰ ਉਸੇ ਪਰਿਪੇਖ ਵਿੱਚ ਖ਼ੁਸ਼ੀ ਮੌਕੇ ਤੋਹਫ਼ੇ-ਸੁਗਾਤਾਂ ਲੈਣ-ਦੇਣ ਦਾ ਪ੍ਰਤੀਕ ਹੈ। ਇਸ ਮੌਕੇ ਸਭ ਲੋਕ ਗੁੱਸੇ-ਗਿਲੇ ਭੁਲਾ ਕੇ ਖੇੜੇ ਬਿਖੇਰਦੇ ਹਨ। ਦੀਵਾਲੀ ਜਾਂ ਦੀਪਾਵਲੀ ਰੋਸ਼ਨੀਆਂ ਦਾ ਤਿਉਹਾਰ ਹੈ। ਉੱਤਰੀ ਭਾਰਤ ਵਿੱਚ ਇਹ ਕੱਤਕ ਦੇ ਮਹੀਨੇ ਮੱਸਿਆ ਦੀ ਕਾਲੀ ਰਾਤ ਨੂੰ ਮਨਾਇਆ ਜਾਂਦਾ ਹੈ। ਪਤਾ ਨਹੀਂ ਕਿੰਨੇ ਲੱਖਾਂ-ਕਰੋੜਾਂ ਦੇ ਖਰਚੇ ਨਾਲ ਇਸ ਰਾਤ ਨੂੰ ਦੀਵੇ-ਮੋਮਬੱਤੀਆਂ ਨਾਲ ਰੁਸ਼ਨਾਇਆ ਜਾਂਦਾ ਹੈ। ਗੁਰਦੁਆਰੇ, ਮੰਦਿਰ, ਸਮਾਧਾਂ ਆਦਿ ’ਤੇ ਦੀਵੇ ਜਗਾਏ ਜਾਂਦੇ ਹਨ। ਘਰਾਂ, ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੀ ਸਫ਼ਾਈ ਅਤੇ ਸਜਾਵਟ ਤੋਂ ਬਾਅਦ ਵਿਸ਼ੇਸ਼ ਰੂਪ ਵਿੱਚ ਰੋਸ਼ਨੀਆਂ ਕੀਤੀਆਂ ਜਾਂਦੀਆਂ ਹਨ। ਲੇਖੇ-ਪੱਤੇ ਦੀਆਂ ਵਹੀਆਂ ਦਾ ਪੁਨਰ-ਆਰੰਭ ਕੀਤਾ ਜਾਂਦਾ ਹੈ। ਮਠਿਆਈਆਂ ਦੀ ਭਰਮਾਰ ਹੁੰਦੀ ਹੈ। ਬੱਚਿਆਂ ਵਾਸਤੇ ਆਤਿਸ਼ਬਾਜ਼ੀ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੀ ਹੈ। ਇੱਕ ਰਾਤ ਵਿੱਚ ਲੱਖਾਂ-ਕਰੋੜਾਂ ਰੁਪਏ ਦੇ ਪਟਾਕੇ ਚਲਾਏ ਜਾਂਦੇ ਹਨ। ਇਸ ਦੇ ਨਾਲ ਹੀ ਪਟਾਕਿਆਂ ਦੇ ਖੜਾਕ ਨਾਲ ਸ਼ੋਰ-ਪ੍ਰਦੂਸ਼ਣ ਵਧਦਾ ਹੈ। ਇਨਸਾਨਾਂ ਅਤੇ ਜਾਨਵਰਾਂ ਉੱਤੇ ਇਸ ਦਾ ਬਹੁਤ ਮਾੜਾ ਅਸਰ ਹੁੰਦਾ ਹੈ। ਧੂੰਏ ਨਾਲ ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਨਾਲ ਇਤਿਹਾਸਕ ਇਮਾਰਤਾਂ ’ਤੇ ਵੀ ਇਸ ਦਾ ਵਿਨਾਸ਼ਕਾਰੀ ਅਸਰ ਹੁੰਦਾ ਹੈ। ਅੱਜ-ਕੱਲ੍ਹ ਆਤਿਸ਼ਬਾਜ਼ੀ ਦੇ ਤੌਰ ਤਰੀਕੇ ਆਧੁਨਿਕ ਹੋ ਗਏ ਹਨ ਕਿਉਂਕਿ ਸ਼ੌਕ ਤਾਂ ਬਰਕਰਾਰ ਰੱਖਣਾ ਹੀ ਹੈ। ਅੰਮ੍ਰਿਤਸਰ ਦੀ ਦੀਵਾਲੀ ਬਾਰੇ ਕਹਾਵਤ ਹੈ ਕਿ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ’। ‘ਦੀਵਾਲੀ ਅੰਮ੍ਰਿਤਸਰ ਦੀ’ ਦੀ ਮਹਾਨਤਾ ਨੂੰ ਸਮਝਣ ਲਈ ਸਾਨੂੰ ਇਨ੍ਹਾਂ ਸ਼ਬਦਾਂ ਦੇ ਅੰਤਰੀਵ ਭਾਵ ਨੂੰ ਸਮਝਣਾ ਹੋਵੇਗਾ। ਦੀਵਾਲੀ ਰੋਸ਼ਨੀਆਂ ਦਾ ਤਿਓਹਾਰ ਹੈ। ਅਸੀਂ ਰੋਸ਼ਨੀਆਂ ਕਰਦੇ ਹਾਂ, ਹਨੇਰਾ ਦੂਰ ਭਜਾਉਣ ਲਈ। ਹਨੇਰਾ ਸਾਡੀ ਅਗਿਆਨਤਾ ਦਾ ਪ੍ਰਤੀਕ ਹੈ। ਬੇਸ਼ੱਕ ਰਾਤ ਦਾ ਹਨੇਰਾ ਅਸੀਂ ਸੂਰਜ ਦੇ ਲੋਪ ਹੋਣ ਨਾਲ ਜੋੜਦੇ ਹਾਂ ਜਦੋਂਕਿ ਸੂਰਜ ਤਾਂ ਕਦੇ ਲੋਪ ਹੁੰਦਾ ਹੀ ਨਹੀਂ। ਇਹ ਤਾਂ ਧਰਤੀ ਘੁੰਮਦੀ ਹੈ ਅਤੇ ਜੋ ਪਾਸਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ ਉੱਥੇ ਚਾਨਣ ਹੋ ਜਾਂਦਾ ਹੈ ਪਰ ਹਨੇਰੇ ਅਤੇ ਚਾਨਣ ਦੇ ਭਾਵ-ਪੂਰਤ ਪੱਖ ਮੁਤਾਬਕ ਅੰਮ੍ਰਿਤਸਰ ਅਤੇ ਵਿਸ਼ੇਸ਼ ਕਰਕੇ ਹਰਿਮੰਦਰ ਸਾਹਿਬ ਉਹ ਅਧਿਆਤਮਕ ਚਾਨਣ-ਮੁਨਾਰਾ ਹੈ ਜਿਸ ਦੀ ਸੁਹਿਰਦਤਾ ਸਹਿਤ ਅਗਵਾਈ ਲੈਣ ਨਾਲ ਮਨੁੱਖਤਾ ਦੁੱਖਤਕਲੀਫ਼ਾਂ ਤੋਂ ਮੁਕਤ ਹੋ ਸਕਦੀ ਹੈ। ਇਸ ਰੋਸ਼ਨੀ ਨਾਲ ਹੀ ‘ਅਗਿਆਨੁ ਅੰਧੇਰਾ ਕਟਿਆ’ ਜਾਂਦਾ ਹੈ। ਬੇਸ਼ੱਕ ਇੱਥੇ ਵੀ ਲੱਖਾਂ ਬਲਬ ਜਗਾ ਕੇ ਚਕਾਚੌਂਧ ਰੋਸ਼ਨੀ ਕੀਤੀ ਜਾਂਦੀ ਹੈ ਅਤੇ ਬਹੁਤੇ ਲੋਕ ਇਸੇ ਨੂੰ ਹੀ ਦੇਖਣ ਆਉਂਦੇ ਹਨ ਪਰ ਅਸਲ ਵਿੱਚ ‘ਗੁਰ ਗਿਆਨ ਦੀਪਕ ਉਜਿਆਰੀਆ’ ਗੁਰੂ ਗ੍ਰੰਥ ਸਾਹਿਬ ਹੈ। ਅੰਮ੍ਰਿਤਸਰ ਦੀ ਦੀਵਾਲੀ ਦਾ ਅਸਲ ਅਰਥ ਸਮਝ ਕੇ ਇਨਸਾਨ ਦੇ ਆਪਣੇ ਸਹੇੜੇ ਦੁੱਖਦਰਦ, ਵੈਰ-ਵਿਰੋਧ, ਲੜਾਈ-ਝਗੜੇ ਆਦਿਖ਼ਤਮ ਹੋ ਸਕਦੇ ਹਨ। ਸਰੀਰਕ ਸਵੱਛਤਾ ਵਾਸਤੇ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਹੈ। ਇੱਥੇ ਮਾਨਸਿਕ ਤ੍ਰਿਪਤੀ ਲਈ ਰੂਹਾਨੀ ਬਾਣੀ ਦਾ ਪ੍ਰਵਾਹ ਹਰ ਵੇਲੇ ਸੁਣਾਈ ਦਿੰਦਾ ਹੈ। ਮਨੁੱਖਤਾ ਦੀ ਅਤਿ ਲੋੜੀਂਦੀ ਸਰੀਰਕ ਜ਼ਰੂਰਤ ਦੀ ਪੂਰਤੀ ਵਾਸਤੇ ਗੁਰੂ ਰਾਮਦਾਸ ਸਾਹਿਬ ਦਾ ਅਤੁੱਟ ਲੰਗਰ ਹੈ। ਇਸ ਸਾਰੇ ਵਾਤਾਵਰਨ ਵਿੱਚ ‘ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸੁ’ ਦੇ ਪਾਸਾਰ ਦਾ ਨਜ਼ਾਰਾ ਪ੍ਰਤੱਖ ਦਿਖਦਾ-ਸੁਣਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਰੋਵਰ ਕਿਨਾਰੇ ਬੈਠ ਕੇ ਦੀਵਾਲੀ ਸਮੇਂ ਸਾਰਾ ਆਲਾ-ਦੁਆਲਾ ਜਗਮਗਾਉਂਦਾ ਦਿਸਦਾ ਹੈ। ਗੁਰਬਾਣੀ ਕੀਰਤਨ ਇਸ ਵਾਤਾਵਰਨ ਨੂੰ ਇਲਾਹੀ ਸੰਗੀਤ ਨਾਲ ਸਰਸ਼ਾਰ ਕਰਦਾ ਹੈ। ਸਰੋਵਰ ਦੇ ਦੁਆਲੇ ਬੈਠੀਆਂ ਸੰਗਤਾਂ ਇਸ ਅਦੁੱਤੀ ਨਜ਼ਾਰੇ ਦਾ ਅਨੰਦ ਮਾਣਦੀਆਂ ਹਨ। ਦਰਸ਼ਨੀ ਡਿਓੜੀ ਅਤੇ ਹੋਰ ਇਮਾਰਤਾਂ ਉਪਰ ਵੱਖ ਵੱਖ ਰੂਪਾਂ ਵਿੱਚ ਆਤਿਸ਼ਬਾਜ਼ੀ ਵੇਖਣ ਨੂੰ ਮਿਲਦੀ ਹੈ। ਪੁਰ-ਤੇਜ਼ ਗਤੀ ਨਾਲ ਉਪਰ ਜਾਂਦੀਆਂ ਹਵਾਈਆਂ ਆਕਾਸ਼ ਦੀ ਉਚਾਈ ਮਾਪਦੀਆਂ ਜਾਪਦੀਆਂ ਹਨ। ਫਿਰ ਵੱਖ-ਵੱਖ ਰੰਗ ਬਿਖੇਰਦੀਆਂ ਮਾਨੋ ਇਸ ਸੱਚ-ਖੰਡ ਉਪਰ ਸ਼ਰਧਾ ਰੂਪੀ ਰੋਸ਼ਨੀ ਦੇ ਫੁੱਲ ਬਰਸਾਉਂਦੀਆਂ ਹਨ। ਇਸ ਅਦੁੱਤੀ ਨਜ਼ਾਰੇ ਨੂੰ ਸ਼ਰਧਾਲੂ ਫ਼ਲਮਾਂ ਬਣਾ ਕੇ ਚਿਰਕਾਲ ਆਨੰਦ ਦੇ ਸਾਧਨ ਵਜੋਂ ਸੰਭਾਲਦੇ ਹਨ। ਦੀਵਾਲੀ ਮੇਲੇ ਦੇ ਬਹਾਨੇ ਅੰਮ੍ਰਿਤਸਰ ਦੀ ਚਹਿਲ-ਪਹਿਲ ਦਾ ਆਪਣਾ ਹੀ ਨਜ਼ਾਰਾ ਹੈ। ਲੋਕਾਂ ਦੇ ਇਕੱਠ ਨੂੰ ਦੇਖਦਿਆਂ ਕਈ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ। ਕੌਮਾਂਤਰੀ ਨੁਮਾਇਸ਼ਾਂ ਲੱਗਦੀਆਂ ਹਨ। ਰਾਜ ਪੱਧਰ ਦੇ ਖੇਡ ਮੁਕਾਬਲੇ ਹੁੰਦੇ ਹਨ। ਵੱਖ-ਵੱਖ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਕਿਸੇ ਵੇਲੇ ਅੰਮ੍ਰਿਤਸਰ ਵਿੱਚ ਦੀਵਾਲੀ ਮੌਕੇ ਮਹੀਨਾ ਭਰ ਮੱਝਾਂ, ਗਾਵਾਂ, ਊਠਾਂ, ਬਲਦਾਂ ਅਤੇ ਘੋੜਿਆਂ ਦੀ ਮੰਡੀ ਲੱਗਦੀ ਸੀ। ਅੱਜ-ਕੱਲ੍ਹ ਵੀ ਲੋਕ ਦੀਵਾਲੀ ਮੌਕੇ ਖਰੀਦਦਾਰੀ ਕਰਦੇ ਹਨ। ਕੰਪਨੀਆਂ ਵੱਲੋਂ ਵਿਸ਼ੇਸ਼ ਸਕੀਮਾਂ ਐਲਾਨ ਕੀਤਾ ਜਾਂਦਾ ਹੈ। ਲੋਕ ਦੂਰੋਂ-ਦੂਰੋਂ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਅਤੇ ਮਨੁੱਖਤਾ ਦੇ ਮਹਾਨ ਅਧਿਆਤਮਕ ਚਾਨਣ-ਮੁਨਾਰੇ ਦੀ ਰੌਸ਼ਨੀ ਲੈ ਕੇ ਆਪਣੇ ਸੰਸਾਰਕ ਜੀਵਨ ਦਾ ਰਸਤਾ ਜਗਮਗਾਉਣ ਲਈ ਆਉਂਦੇ ਹਨ। ਸਮੁੱਚੇ ਰੂਪ ਵਿੱਚ ਦੀਵਾਲੀ ਖ਼ੁਸ਼ੀਆਂ ਦਾ ਤਿਉਹਾਰ ਹੈ, ਜਦੋਂ ਮੌਸਮ ਵੀ ਬਦਲਦਾ ਹੈ ਅਤੇ ਲੋਕਾਂ ਵਿੱਚ ਵੀ ਬਦੀ ਦੇ ਹਨੇਰੇ ਵਿੱਚੋਂ ਨਿਕਲ ਕੇ ਚੰਗਿਆਈ ਦੇ ਚਾਨਣ ਦੀ ਲੋਅ ਵਿੱਚ ‘ਚੜ੍ਹਦੀ ਕਲਾ’ ਲਈ ਹੰਭਲਾ ਮਾਰਨ ਦਾ ਉਤਸ਼ਾਹ ਉਗਮਣ ਦੀ ਆਸ ਬੱਝਦੀ ਹੈ।

Advertisement

Latest News

Vivo ਨੇ ਭਾਰਤ 'ਚ ਨਵਾਂ ਸਮਾਰਟਫੋਨ Vivo Y18t ਲਾਂਚ Vivo ਨੇ ਭਾਰਤ 'ਚ ਨਵਾਂ ਸਮਾਰਟਫੋਨ Vivo Y18t ਲਾਂਚ
New Delhi,14,NOV,2024,(Azad Soch News):- Vivo ਨੇ ਭਾਰਤ 'ਚ ਨਵਾਂ ਸਮਾਰਟਫੋਨ Vivo Y18t ਲਾਂਚ ਕਰ ਦਿੱਤਾ ਹੈ,Vivo ਮੋਬਾਈਲ ਫੋਨ ਦੀ ਭਾਰਤੀ...
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-11-2024 ਅੰਗ 650
ਸਰਕਾਰੀ ਨੌਕਰੀਆਂ ਵਿੱਚ ਅਨੁਸੂਚਿਤ ਜਾਤੀ ਦੇ ਰਾਖਵੇਂ ਵਿੱਚ ਵਰਗੀਕਰਣ ਦਾ ਫ਼ੈਸਲਾ ਅੱਜ ਤੋਂ ਪੂਰੇ ਸੂਬੇ ਵਿੱਚ ਲਾਗੂ -ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ
ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਜਾਣ ਤੋਂ ਕੀਤਾ ਇਨਕਾਰ
ਹਰਿਆਣਾ ਸਰਕਾਰ ਗਰੁੱਪ 'ਸੀ' ਅਤੇ 'ਡੀ' ਮਹਿਲਾ ਕਰਮਚਾਰੀਆਂ ਨੂੰ ਆਪਣੀ ਪਸੰਦ ਦੇ ਜ਼ਿਲ੍ਹੇ ਵਿੱਚ ਪੋਸਟਿੰਗ ਦੇਵੇਗੀ
ਸਰਦੀਆਂ ‘ਚ ਅਜਵਾਇਨ ਦਾ ਜ਼ਰੂਰ ਕਰੋ ਸੇਵਨ
ਪਿੰਡਾਂ ਵਿੱਚ ਵਿਕਾਸ ਕੰਮਾਂ ਨੂੰ ਲੈ ਕੇ ਧਾਲੀਵਾਲ ਵੱਲੋਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ