ਵਿਧਾਇਕ ਛੀਨਾ ਵੱਲੋਂ ਸ਼ੇਰਪੁਰ ਕਲਾਂ 'ਚ ਟਿਊਬਵੈੱਲ ਪ੍ਰੋਜੈਕਟ ਦੀ ਸ਼ੁਰੂਆਤ
ਲੁਧਿਆਣਾ, 27 ਨਵੰਬਰ (000) - ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਜਲ ਸਪਲਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਥਾਨਕ ਸ਼ੇਰਪੁਰ ਕਲਾਂ, ਗੁਰਦੁਆਰਾ ਸਾਹਿਬ ਵਾਲੀ ਗਲੀ ਵਿੱਚ 25 ਹਾਰਸ ਪਾਵਰ ਟਿਊਬਵੈੱਲ ਲਗਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ।
ਵਿਧਾਇਕ ਛੀਨਾ ਨੇ ਕਿਹਾ ਕਿ ਇਸ ਇਲਾਕੇ ਦੇ ਲੋਕ ਬੀਤੇ ਲੰਮੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਮੱਸਿਆ ਦੇ ਨਿਪਟਾਰੇ ਹਿੱਤ ਇਸ ਇਲਾਕੇ ਵਿਚ ਨਵਾਂ ਟਿਊਬਵੈੱਲ ਲਗਾਉਣ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਆਉਣ ਵਾਲੇ 20 ਦਿਨਾਂ ਵਿੱਚ ਇਹ ਟਿਊਬਵੈੱਲ ਚਾਲੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹਲਕਾ ਦੱਖਣੀ ਦੇ ਜਿਨ੍ਹਾਂ ਵਾਰਡਾਂ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਹੈ, ਉਨ੍ਹਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਨਵੇਂ ਟਿਊਬਵੈੱਲ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਵੀ ਕੱਢਿਆ ਜਾ ਰਿਹਾ ਹੈ. ਵਿਧਾਨ ਸਭਾ ਹਲਕੇ ਵਿੱਚ ਹਰ ਤਰ੍ਹਾਂ ਦੇ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ, ਜਿਸ ਵਿੱਚ ਸੜਕਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ।
ਵਿਧਾਇਕ ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਦੀ ਸਹੂਲਤ ਲਈ ਜੋ ਵੀ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ. ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨੀਲੇ ਕਾਰਡ, ਪੈਨਸ਼ਨ, ਆਵਾਸ ਯੋਜਨਾ ਸਮੇਤ ਹੋਰ ਸਕੀਮਾਂ ਤੋਂ ਵਾਂਝੇ ਹਨ, ਉਨ੍ਹਾਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਹ ਵੀ ਇਸ ਸਕੀਮ ਦਾ ਲਾਭ ਲੈ ਸਕਣ।
ਇਲਾਕੇ ਦੇ ਲੋਕਾਂ ਨੇ ਪੀਣ ਵਾਲੇ ਪਾਣੀ ਦਾ ਟਿਊਬਵੈੱਲ ਲਗਾਉਣ ਲਈ ਸ਼ੁਰੂ ਕੀਤੇ ਕਾਰਜਾਂ ਲਈ, ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਮੌਕੇ ਪਾਰਟੀ ਮੈਂਬਰ ਕੁਲਵੰਤ ਸਿੰਘ, ਕੇਸ਼ਵ ਸ਼ਰਮਾ, ਮੁਨੀਸ਼ ਸ਼ਰਮਾ, ਜੈਕ ਤੇ ਹੋਰ ਵੀ ਹਾਜ਼ਰ ਸਨ।