ਕਣਕ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸਮੇਂ ਸਿਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੀ ਜ਼ਰੂਰਤ : ਡਾ. ਅਮਰੀਕ ਸਿੰਘ
ਕੋਟਕਪੂਰਾ 5 ਦਸੰਬਰ 2024 ( ) ਚਾਲੂ ਹਾੜ੍ਹੀ ਸੀਜ਼ਨ ਦੌਰਾਨ ਦਸੰਬਰ ਮਹੀਨੇ ਵਿਚ ਤਾਪਮਾਨ ਵੱਧ ਹੋਣ ਕਾਰਨ ਤਣੇ ਦੀ ਗੁਲਾਬੀ ਸੁੰਡੀ ਕਣਕ ਦੀ ਫ਼ਸਲ ਦਾ ਕਿਤੇ ਕਿਤੇ ਨੁਕਸਾਨ ਕਰ ਰਹੀ ਹੈ ਜਿਸ ਦੀ ਰੋਕਥਾਮ ਲਈ ਪੀ ਏ ਯੂ ਲੁਧਿਆਣਾ ਵੱਲੋਂ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਬਲਾਕ ਕੋਟਕਪੂਰਾ ਦੇ ਪਿੰਡ ਔਲਖ ਵਿਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪਹਿਲੇ ਹਫਤੇ ਬੀਜੀ ਗਈ ਕਣਕ ਦੀ ਫ਼ਸਲ ਉੱਪਰ ਕਿਤੇ ਕਿਤੇ ਗੁਲਾਬੀ ਸੁੰਡੀ ਅਤੇ ਸੈਨਿਕ ਸੁੰਡੀ ਨਾਮ ਕੀੜਿਆਂ ਦਾ ਹਮਲਾ ਦੇਖਣ ਨੂੰ ਮਿਲਿਆ ਹੈ ਜਿਸ ਦੀ ਰੋਕਥਾਮ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨਾਲ ਰਾਬਤਾ ਕਰਕੇ ਇਸ ਸੁੰਡੀ ਦੇ ਹਮਲੇ ਅਤੇ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਿੰਡ ਔਲਖ ਵਿਚ ਕੁਝ ਕਿਸਾਨਾਂ ਦੀ ਅਗੇਤੀ ਬੀਜੀ ਗਈ ਕਣਕ ਦੀ ਫ਼ਸਲ ਉੱਪਰ ਤਣੇ ਦੀ ਗੁਲਾਬੀ ਸੁੰਡੀ ਨੇ ਹਮਲਾ ਕੀਤਾ ਹੈ ਪਰ ਕਿਸਾਨਾਂ ਨੂੰ ਇਸ ਕੀੜੇ ਤੋਂ ਘਬਰਾਉਣ ਦੀ ਨਹੀਂ ਸਗੋਂ ਪਹਿਲਾ ਪਾਣੀ ਲਾਉਣ ਤੋਂ ਪਹਿਲਾ ਨਿਰੀਖਨ ਕਰਨ ਦੀ ਜਰੂਰਤ ਹੁੰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਗੁਲਾਬੀ ਸੁੰਡੀ ਦਾ ਹਮਲਾ ਦਿਖਾਈ ਦੇਵੇ ਤਾਂ ਤੁਰੰਤ ਇਲਾਜ ਕਰਨ ਲਈ ਖੇਤੀ ਮਾਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ। ਉਨਾਂ ਦੱਸਿਆ ਕਿ ਪਿੰਡਾਂ ਵਿਚ ਕੀਤੇ ਸਰਵੇ ਅਨੁਸਾਰ ਗੁਲਾਬੀ ਸੁੰਡੀ ਹਰੇਕ ਤਰਾਂ ਦੀ ਤਕਨਾਲੋਜੀ ਨਾਲ ਬੀਜੀ ਕਣਕ ਦੀ ਫ਼ਸਲ ਵਿਚ ਦੇਖੀ ਗਈ ਹੈ ਜਿਸ ਤੋਂ ਬਚਾਅ ਲਈ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ।ਉਨਾਂ ਦੱਸਿਆ ਕਿ ਕਣਕ ਤੋਂ ਇਲਾਵਾ ਇਹ ਸੁੰਡੀ ਮੱਕੀ ,ਝੋਨਾ , ਬਾਸਮਤੀ ਅਤੇ ਜਵਾਰ ਵਿਚ ਵੀ ਹਮਲਾ ਕਰਦੀ ਹੈ, ਇਸ ਲਈ ਗੁਲਾਬੀ ਸੁੰਡੀ ਤੋਂ ਡਰਨ ਦੀ ਨਹੀਂ ਸਗੋਂ ਸਮੇਂ ਸਿਰ ਸਿਫਾਰਸ਼ਸ਼ੁਦਾ ਤਕਨੀਕਾਂ ਵਰਤ ਕੇ ਇਲਾਜ ਕਰਨ ਦੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਗੁਲਾਬੀ ਸੁੰਡੀ, ਜਦੋਂ ਝੋਨੇ ਦੀ ਫਸਲ ਵਿੱਚ ਹੁੰਦੀ ਹੈ ਤਾਂ ਫਸਲ ਦੀ ਕਟਾਈ ਉਪਰੰਤ ਝੋਨੇ ਦੇ ਮੁੱਢਾਂ ਵਿੱਚ ਲੁਕ ਕੇ ਮਿੱਟੀ ਵਿੱਚ ਨਿਵਾਸ ਕਰਦੀ ਹੈ। ਇਸ ਸੁੰਡੀ ਦੇ ਮਾਦਾ ਪਤੰਗੇ ਤਣੇ ਦੁਆਲੇ ਪੱਤੇ ਵਿਚ ਅੰਡੇ ਦਿੰਦੀਆਂ ਹਨ ਜਿਸ ਵਿਚੋਂ ਮੌਸਮ ਦੇ ਹਿਸਾਬ ਨਾਲ 6-7 ਦਿਨਾਂ ਬਾਅਦ ਸੁੰਡੀਆਂ ਨਿਕਲ ਕੇ ਤਣੇ ਵਿਚ ਮੋਰੀ ਕਰਕੇ ਤਣੇ ਅੰਦਰਲਾ ਮਾਦਾ ਖਾਂਦੀਆਂ ਹਨ । ਸੁੰਡੀਆਂ ਦੁਆਰਾ ਤਣੇ ਅੰਦਰਲਾ ਮਾਦਾ ਖਾਣ ਨਾਲ ਮੁੱਖ ਸ਼ਾਖ਼ ਸੁੱਕ ਜਾਂਦੀ ਹੈ ਅਤੇ ਬੂਟਾ ਪੀਲਾ ਪੈ ਕੇ ਸੁੱਕ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਉੱਪਰ ਨਾ ਜਾਵੇ । ਜੇਕਰ ਹਮਲਾ ਆਰਥਿਕ ਕਗਾਰ ਤੋਂ ਜ਼ਿਆਦਾ ਹੈ ਤਾਂ ਕੀਟਨਾਸ਼ਕਾਂ ਦੀ ਵਰਤੋਂ ਕਰੋ। ਕਈ ਵਾਰ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਸੁੰਡੀ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਕਰ ਦਿੰਦੀ ਹੈ।
ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜੇਕਰ ਕਣਕ ਦੀ ਫ਼ਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਜ਼ਿਆਦਾ ਹੋਵੇ ਤਾਂ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ 7 ਕਿਲੋ ਫਿਪਰੋਨਿਲ ਜਾਂ ਇੱਕ ਲਿਟਰ ਕਲੋਰੋਪਾਈਰੀਫਾਸ ਨੂੰ 20 ਈ ਸੀ ਨੂੰ 20 ਕਿਲੋ ਸਿੱਲੀ ਮਿੱਟੀ ਵਿੱਚ ਰਲਾ ਕੇ ਛੱਟਾ ਦੇ ਦਿਉ। ਉਨਾਂ ਦੱਸਿਆ ਕਿ ਕਣਕ ਦੀ ਫਸਲ ਨੂੰ ਦਿਨ ਸਮੇਂ ਪਹਿਲਾ ਪਾਣੀ ਲਗਾਉਣ ਨੂੰ ਤਰਜ਼ੀਹ ਦਿਉ ਤਾਂ ਜੋ ਪੰਛੀ ਵੱਧ ਤੋਂ ਵੱਧ ਸੁੰਡੀਆਂ ਦਾ ਸ਼ਿਕਾਰ ਕਰ ਸਕਣ।
ਉਨਾਂ ਦੱਸਿਆ ਕਿ ਜੇਕਰ ਪਹਿਲਾ ਪਾਣੀ ਲਾਉਣ ਤੋਂ ਬਾਅਦ ਸੁੰਡੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ 50 ਮਿਲੀ ਲਿਟਰ ਕਲੋਰਐਂਟਰਾਨਿਲੀਪਰੋਲ 18.5 ਐਸ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਨੈਪਸੈਕ ਛਿੜਕਾਅ ਪੰਪ ਵਰਤ ਕੇ ਗੋਲ ਨੋਜ਼ਲ ਨਾਲ ਛਿੜਕਾਅ ਕਰੋ। ਕਿਸਾਨ ਆਗੂ ਭੁਪਿੰਦਰ ਸਿੰਘ ਔਲਖ ਨੇ ਮੰਗ ਕੀਤੀ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਵਰਤੀ ਜਾਣ ਵਾਲੀ ਕੀਟਨਾਸ਼ਕ ਸਬਸਿਡੀ ਤੇ ਉਪਲਬਧ ਕਰਵਾਈ ਜਾਵੇ ਤਾਂ ਜੋ ਕਿਸਾਨ ਇਸ ਸੁੰਡੀ ਦੀ ਰੋਕਥਾਮ ਕਰ ਸਕਣ ਅਤੇ ਖੇਤੀ ਲਾਗਤ ਖਰਚੇ ਘਟਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਲਖਵੀਰ ਸਿੰਘ, ਡਾ.ਪਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।