ਪੀ. ਏ. ਯੂ. ਨੇ ਡੀ. ਏ. ਪੀ. ਖਾਦ ਦੇ ਬਦਲਵੇਂ ਸਰੋਤਾਂ ਦੀ ਕਿਸਾਨਾਂ ਨੂੰ ਕੀਤੀ ਸਿਫਾਰਿਸ਼
ਫਾਜ਼ਿਲਕਾ 1 ਨਵੰਬਰ, 2024
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀਆਂ ਨੇ ਆਉਂਦੀ ਕਣਕ ਦੀ ਫਸਲ ਲਈ ਡੀ ਏ ਪੀ ਦੇ ਬਦਲ ਵਜੋਂ ਹੋਰ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨੂੰ ਬਦਲਵੇਂ ਸਰੋਤਾਂ ਵਜੋਂ ਵਰਤਣ ਦਾ ਸੁਝਾਅ ਦਿੱਤਾ ਹੈ|
ਮੁੱਖ ਖੇਤੀਬਾੜੀ ਅਫ਼ਸਰ ਡਾ. ਸੰਦੀਪ ਰਿਣਵਾ ਨੇ ਕਿਹਾ ਕਿ ਡੀਏਪੀ ਸਭ ਤੋਂ ਵੱਧ ਫਾਸਫੋਰਸ ਤੱਤ ਵਾਲੀ ਖਾਦ ਹੈ ਜੋ ਝੋਨੇ-ਕਣਕ ਫਸਲੀ ਚੱਕਰ ਵਿੱਚ ਵਰਤੀ ਜਾਂਦੀ ਹੈ| ਕਣਕ ਦੀ ਫਸਲ ਲਈ ਕਿਸਾਨ ਦੂਜੀਆਂ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨਾਲੋਂ ਡੀਏਪੀ ਨੂੰ ਤਰਜੀਹ ਦਿੰਦੇ ਹਨ|
ਇਸਦਾ ਕਾਰਨ ਹੈ ਕਿ ਇਹ ਖਾਦ ਉੱਚ ਫਾਸਫੋਰਸ (46%) ਮਾਤਰਾ ਵਾਲੀ ਹੈ ਅਤੇ ਬਿਜਾਈ ਸਮੇਂ ਕਣਕ ਦੀ ਨਾਈਟ੍ਰੋਜਨ ਦੀ ਜ਼ਰੂਰਤ ਨੂੰ ਵੀ ਪੂਰਾ ਕਰਦੀ ਹੈ| ਪਿਛਲੇ ਸਾਲਾਂ ਦੌਰਾਨ ਅਸਾਨੀ ਨਾਲ ਮਿਲਣ ਕਰਕੇ ਕਿਸਾਨਾਂ ਨੇ ਇਸਨੂੰ ਭਰਪੂਰ ਮਾਤਰਾ ਵਿਚ ਇਸਤੇਮਾਲ ਕੀਤਾ| ਮੌਜੂਦਾ ਸਮੇਂ ਡੀਏਪੀ ਖਾਦ ਦੇ ਕਈ ਬਦਲ ਹਨ ਜਿਨ੍ਹਾਂ ਨੂੰ ਫਾਸਫੋਰਸ ਤੱਤ ਦੇ ਬਦਲਵੇਂ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ|
ਮਾਹਿਰਾਂ ਨੇ ਦੱਸਿਆ ਕਿ ਡੀ.ਏ.ਪੀ ਵਿਚ 46 ਫੀਸਦੀ ਫਾਸਫੋਰਸ ਅਤੇ 18 ਫੀਸਦੀ ਨਾਈਟ੍ਰੋਜਨ ਹੁੰਦੀ ਹੈ|
ਇਕ ਹੋਰ ਖਾਦ ਐੱਨ ਪੀ ਕੇ (12:32:16) ਵਿਚ 32 ਫੀਸਦੀ ਫਾਸਫੋਰਸ ਅਤੇ 12 ਫੀਸਦ ਨਾਈਟ੍ਰੋਜਨ ਤੋਂ ਬਿਨਾਂ 16 ਫੀਸਦ ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ| ਇਕ ਬੋਰਾ ਡੀ ਏ ਪੀ ਪਿੱਛੇ ਡੇਢ ਬੋਰਾ ਐੱਨ ਪੀ ਕੇ (12: 32:16) ਦੀ ਵਰਤੋਂ ਕੀਤੀ ਜਾ ਸਕਦੀ ਹੈ|
ਡੀ. ਏ. ਪੀ. ਦੇ ਤੀਸਰੇ ਬਦਲ ਵਜੋਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕੀਤੀ ਜਾ ਸਕਦੀ ਹੈ| ਸਿੰਗਲ ਸੁਪਰਫਾਸਫੇਟ ਵਿਚ 16 ਫੀਸਦੀ ਫਾਸਫੋਰਸ ਤੱਤ ਮਿਲਦਾ ਹੈ ਅਤੇ ਇਸਦੇ ਤਿੰਨ ਬੋਰਿਆਂ ਨਾਲ ਫਾਸਫੋਰਸ ਤੱਤ ਦੀ ਪੂਰਤੀ ਤੋਂ ਬਿਨਾਂ 18 ਕਿੱਲੋ ਗੰਧਕ ਵੀ ਕਣਕ ਦੀ ਫਸਲ ਨੂੰ ਮਿਲ ਸਕਦੀ ਹੈ|
ਮਾਹਿਰਾਂ ਨੇ ਕਿਹਾ ਕਿ ਟ੍ਰਿਪਲ ਸੁਪਰ ਫਾਸਫੇਟ ਨੂੰ ਬਜ਼ਾਰ ਵਿਚ ਨਵੀਂ ਖਾਦ ਵਜੋਂ ਵਰਤਿਆ ਜਾ ਸਕਦਾ ਹੈ ਇਸ ਵਿਚ ਡੀ ਏ ਪੀ ਦੇ ਬਰਾਬਰ 46 ਫੀਸਦੀ ਫਾਸਫੋਰਸ ਤੱਤ ਦੀ ਮਾਤਰਾ ਮਿਲਦੀ ਹੈ| ਇਹ ਨਵੀਂ ਉੱਚ ਫਾਸਫੋਰਸ ਖਾਦ ਹੈ ਅਤੇ ਕਿਸਾਨ ਪਹਿਲੀ ਵਾਰ ਇਸ ਦੀ ਵਰਤੋਂ ਕਰ ਰਹੇ ਹਨ|
ਮਾਹਿਰਾਂ ਨੇ ਕਿਹਾ ਕਿ ਐੱਨ ਪੀ ਕੇ (12:32:16) ਡੀ ਏ ਪੀ ਦਾ ਸਭ ਤੋਂ ਵਧੀਆ ਬਦਲ ਹੋ ਸਕਦਾ ਹੈ। ਕਿਉਂਕਿ ਇਸਦਾ ਡੇਢ ਬੋਰਾ ਲਗਭਗ ਉਹੀ ਫਾਸਫੋਰਸ ਅਤੇ ਨਾਈਟ੍ਰੋਜਨ ਸਮੱਗਰੀ ਦੀ ਸਪਲਾਈ ਕਰਦਾ ਹੈ ਜੋ ਡੀ ਏ ਪੀ ਦੇ ਬਰਾਬਰ ਹੈ ਅਤੇ ਇਸ ਤੋਂ ਇਲਾਵਾ ਇਹ 23 ਕਿਲੋਗ੍ਰਾਮ ਪੋਟਾਸ਼ ਵੀ ਦਿੰਦਾ ਹੈ|
ਹੋਰ ਬਦਲਾਂ ਵਿਚ ਐੱਨ ਪੀ ਕੇ (10:26:26) ਜਾਂ ਹੋਰ ਖਾਦਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ| ਜੇਕਰ ਫਾਸਫੋਰਸ ਤੱਤ ਲਈ ਸਿੰਗਲ ਸੁਪਰ ਫਾਸਫੇਟ ਜਾਂ ਟ੍ਰਿਪਲ ਸੁਪਰ ਫਾਸਫੇਟ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਬਿਜਾਈ ਵੇਲੇ 20 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ|
ਪੀ.ਏ.ਯੂ. ਕਣਕ ਦੀ ਫਸਲ ਲਈ ਫਾਸਫੋਰਸ ਖਾਦ ਦੀ ਸੁਚੱਜੀ ਵਰਤੋਂ ’ਤੇ ਜੋਰ ਦਿੰਦੀ ਹੈ ਅਤੇ ਕਿਸਾਨਾਂ ਨੂੰ ਮਿੱਟੀ ਪਰਖ ਤੋਂ ਅਧਾਰਿਤ ਖਾਦਾਂ ਪਾਉਣ ਦੀ ਸਲਾਹ ਦਿੰਦੀ ਹੈ ਕਿਉਂਕਿ ਇਹ ਕਣਕ ਦੇ ਝਾੜ ਨਾਲ ਸਮਝੌਤਾ ਕੀਤੇ ਬਿਨਾਂ ਲਾਗਤ ਨੂੰ ਘਟਾ ਸਕਦੀ ਹੈ|
ਮਾਹਿਰਾਂ ਨੇ ਕਣਕ ਵਿੱਚ ਡੀਏਪੀ ਦੀ ਵਰਤੋਂ ਲਈ ਸਪੱਸਟ ਅਤੇ ਵਿਵਹਾਰਕ ਢੰਗ ਦੱਸਦਿਆਂ ਕਿਹਾ ਕਿ ਘੱਟ ਜੈਵਿਕ ਕਾਰਬਨ ਵਾਲੀ ਮਿੱਟੀ ਵਿੱਚ ਉੱਚ ਫਾਸਫੋਰਸ ਪੱਧਰ (9-20 ਕਿਲੋਗ੍ਰਾਮ/ਏਕੜ) ਵਾਲੀ ਜ਼ਮੀਨ ਲਈ ਫਾਸਫੋਰਸ ਤੱਤ ਦੀ ਵਰਤੋਂ 25% ਤੱਕ ਘਟਾਈ ਜਾ ਸਕਦੀ ਹੈ |
ਦਰਮਿਆਨੀ ਜੈਵਿਕ ਕਾਰਬਨ ਮਾਤਰਾ (0.4 ਤੋਂ 0.75%) ਵਾਲੀ ਜ਼ਮੀਨ ਵਿੱਚ ਦਰਮਿਆਨੀ ਫਾਸਫੋਰਸ (5-9 ਕਿਲੋਗ੍ਰਾਮ/ਏਕੜ) ਅਤੇ ਉੱਚ ਫਾਸਫੋਰਸ (9-20 ਕਿਲੋਗ੍ਰਾਮ/ਏਕੜ) ਵਾਲੀ ਜ਼ਮੀਨ ਲਈ ਫਾਸਫੋਰਸ ਤੱਤ ਦੀ ਵਰਤੋਂ ਵਿੱਚ 50% ਕਟੌਤੀ ਕੀਤੀ ਜਾ ਸਕਦੀ ਹੈ|
ਜੈਵਿਕ ਖਾਦਾਂ ਦੀ ਵਰਤੋਂ ਨਾਲ ਵੀ ਫਾਸਫੋਰਸ ਤੱਤ ਦੀ ਪੂਰਤੀ ਹੋ ਸਕਦੀ ਹੈ| ਜੇਕਰ ਝੋਨਾ-ਕਣਕ ਫਸਲੀ ਚੱਕਰ ਵਿਚ ਝੋਨੇ ਦੀ ਫਸਲ ਵਿਚ ਪੋਲਟਰੀ ਖਾਦ (2.5 ਟਨ ਪ੍ਰਤੀ ਏਕੜ) ਜਾਂ ਸੁੱਕੀ ਹੋਈ ਗੋਬਰ ਗੈਸ ਪਲਾਂਟ ਦੀ ਸਲਰੀ (2.5 ਟਨ ਪ੍ਰਤੀ ਏਕੜ) ਨੂੰ ਆਖਰੀ ਵਾਹੀ ਤੋਂ ਪਹਿਲਾਂ ਪਾਇਆ ਜਾਂਦਾ ਹੈ ਤਾਂ ਫਾਸਫੋਰਸ ਦੀ ਵਰਤੋਂ ਨੂੰ ਅੱਧਾ ਕੀਤਾ ਜਾ ਸਕਦਾ ਹੈ|
ਇਸੇ ਤਰ੍ਹਾਂ ਖਾਦ ਦੀ ਮਾਤਰਾ 1 ਕਿਲੋ ਫਾਸਫੋਰਸ ਪ੍ਰਤੀ ਟਨ ਚੰਗੀ ਤਰ੍ਹਾਂ ਸੜੀ ਹੋਈ ਖਾਦ ਨਾਲ ਘਟਾਈ ਜਾ ਸਕਦੀ ਹੈ| ਕਣਕ ਦੀ ਬਿਜਾਈ ਤੋਂ ਪਹਿਲਾਂ ਝੋਨੇ ਦੀ ਫੱਕ ਦੀ ਸੁਆਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ (4 ਟਨ ਪ੍ਰਤੀ ਏਕੜ) ਵਰਤਣ ਨਾਲ ਫਾਸਫੋਰਸ ਦੀ ਮਾਤਰਾ ਨੂੰ ਅੱਧਾ ਕੀਤਾ ਜਾ ਸਕਦਾ ਹੈ|
ਜਿਨ੍ਹਾਂ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਲਗਾਤਾਰ ਵਾਹੁਣ ਤੋਂ ਬਾਅਦ ਮਿੱਟੀ ਦੀ ਜੈਵਿਕ ਕਾਰਬਨ ਮਾਤਰਾ ਉੱਚ ਸ੍ਰੇਣੀ ਵਿੱਚ ਆਉਂਦੀ ਹੈ, ਫਾਸਫੋਰਸ ਵਾਲੀ ਖਾਦ ਨੂੰ 50% ਤੱਕ ਘਟਾਇਆ ਜਾ ਸਕਦਾ ਹੈ|
ਉਨ੍ਹਾਂ ਕਿਹਾ ਕਿ ਪੀਏਯੂ ਦੀਆਂ ਸਿਫ਼ਾਰਸ਼ਾਂ ਦਾ ਉਦੇਸ਼ ਡੀਏਪੀ ਦੇ ਬਦਲਵੇਂ ਸਰੋਤਾਂ ਦੀ ਵਰਤੋਂ ਕਰਕੇ ਫਾਸਫੋਰਸ ਦੀ ਲੋੜ ਵਾਲੀ ਕਣਕ ਦੀ ਫਸਲ ਨੂੰ ਪੂਰਾ ਕਰਨਾ ਅਤੇ ਅੰਤ ਵਿੱਚ ਕਣਕ ਦਾ ਪੂਰਾ ਝਾੜ ਪ੍ਰਾਪਤ ਕਰਨ ਵਿੱਚ ਕਿਸਾਨਾਂ ਦੀ ਮਦਦ ਕਰਨਾ ਹੈ|