ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਪ੍ਰਾਥਮਿਕਤਾ - ਵਿਧਾਇਕ ਦਹੀਯਾ
ਫਿਰੋਜ਼ਪੁਰ 27 ਨਵੰਬਰ 2024
ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਆਉਂਦੇ ਪਿੰਡਾਂ ਕਸਬਿਆਂ ਵਿੱਚ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਲੋਕਾਂ ਨੂੰ ਪਾਣੀ ਵਰਗੀਆਂ ਮੁੱਢਲੀ ਸਹੂਲਤਾਂ ਮੁੱਹਈਆ ਕਰਵਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਨੇ ਅਪਣੇ ਦਫਤਰ ਵਿਖੇ ਪਿੰਡ ਝੋਕ ਹਰੀਹਰ, ਜੀਆ ਬੱਗਾ ਤੇ ਬਸਤੀ ਚੰਡੀਗੜ੍ਹੀਆ, ਬਸਤੀ ਪੰਡਤਾਂ ਵਾਲੀ ਅਤੇ ਬਸਤੀ ਕੰਧੇ ਵਾਲੀ ਵਿੱਚ ਬਣਨ ਵਾਲੀਆਂ ਜਲ ਸਪਲਾਈ ਸਕੀਮਾਂ ਸਬੰਧੀ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਦੌਰਾਨ ਕੀਤਾ।
ਕਾਰਜਕਾਰੀ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ 1 ਫਿਰੋਜ਼ਪੁਰ ,ਉਪ ਮੰਡਲ ਇੰਜਨੀਆਰ ਉਪ ਮੰਡਲ ਨੰ 2 ਫਿਰੋਜ਼ਪੁਰ ਅਤੇ ਸਬੰਧਤ ਜੂਨੀਅਰ ਇੰਜੀਨੀਅਰ ਨਾਲ ਪ੍ਰੋਜੈਕਟ ਤੇ ਚਰਚਾ ਕਰਦਿਆਂ ਮੀਟਿੰਗ ਦੌਰਾਨ ਕਾਰਜਕਾਰੀ ਇੰਜੀਨੀਅਰ ਨੇ ਵਿਧਾਇਕ ਨੂੰ ਜਾਣੂ ਕਰਵਾਇਆ ਕੀ ਪਿੰਡ ਝੋਕ ਹਰੀਹਰ ਵਿੱਚ 88 ਲੱਖ ਅਤੇ ਪਿੰਡ ਜੀਅ ਬੱਗਾ,ਬਸਤੀ ਚੰਡੀਗੜ੍ਹ ,ਬਸਤੀ ਪੰਡਤਾਂ ਵਾਲੀ ਅਤੇ ਬਸਤੀ ਕੰਡੇ ਵਾਲੀ ਵਿੱਚ ਲਗਭੱਗ 85 ਲੱਖ ਦੀ ਲਾਗਤ ਨਾਲ ਜਲ ਸਪਲਾਈਆਂ ਦੀ ਉਸਾਰੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋ ਉਕਤ ਵਾਟਰ ਸਪਲਾਈਆ ਦਾ ਐਸਟੀਮੇਟ ਤਿਆਰ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋ ਐਸਟੀਮੇਟ ਮਨਜ਼ੂਰ ਕਰਨ ਤੋਂ ਬਾਅਦ ਟੈਂਡਰ ਲਗਾ ਕੇ ਜਲਦੀ ਹੀ ਕੰਮ ਸੁਰੂ ਕਰਵਾ ਦਿੱਤਾ ਜਾਵੇਗਾ ਅਤੇ ਕੰਮ ਮੁਕੰਮਲ ਹੋਣ ਉਪਰੰਤ ਲਗਭਗ 6 ਹਜ਼ਾਰ ਆਬਾਦੀ (1 ਹਜ਼ਾਰ ਘਰਾਂ) ਨੂੰ ਫ਼ਾਇਦਾ ਹੋਵੇਗਾ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਜੋਨੀ ਖੰਨਾ ਸਮੇਤ ਸਟਾਫ, ਸਰਪੰਚ ਜੀਆ ਬੱਗਾ ਜਸਬੀਰ ਸਿੰਘ ਅਤੇ ਬਾਬੂ ਲਾਲ ਯਾਦਵ ਬਸਤੀ ਪੰਡਤਾਂ ਵਾਲੀ ਵੀ ਹਾਜ਼ਰ ਸਨ।