ਮੁੱਖ ਮੰਤਰੀ ਵੱਲੋਂ ਫਿਨਲੈਂਡ ਤੋਂ ਪਰਤੇ ਅਧਿਆਪਕਾਂ ਨੂੰ ਸੂਬੇ ਦੀ ਸਿੱਖਿਆ ਕ੍ਰਾਂਤੀ ਦੇ ਮੋਢੀ ਬਣਨ ਦਾ ਸੱਦਾ
ਉਨ੍ਹਾਂ ਉਮੀਦ ਜਤਾਈ ਕਿ ਇਹ ਮਾਰਗ ਦਰਸ਼ਕ ਪਹਿਲਕਦਮੀ ਸੂਬੇ ਦੀ ਸਿੱਖਿਆ ਪ੍ਰਣਾਲੀ ਦੇ ਸੁਧਾਰ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਇਨ੍ਹਾਂ ਯਤਨਾਂ ਨਾਲ ਪੰਜਾਬ ਜਲਦੀ ਹੀ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣ ਜਾਵੇਗਾ। ਭਗਵੰਤ ਸਿੰਘ ਮਾਨ ਨੇ ਅਧਿਆਪਕਾਂ ਨੂੰ ਇਸ ਸਿਖਲਾਈ ਨੂੰ ਅਜਿਹਾ ਬੀਜ ਬਣਾਉਣ ਲਈ ਪ੍ਰੇਰਿਤ ਕੀਤਾ, ਜੋ ਗਿਆਨ ਦਾ ਰੁੱਖ ਬਣ ਕੇ ਉੱਗਦਾ ਹੈ, ਜਿਸ ਨਾਲ ਨਾ ਸਿਰਫ਼ ਵਿਦਿਆਰਥੀਆਂ ਨੂੰ ਸਗੋਂ ਸਮੁੱਚੇ ਸਮਾਜ ਨੂੰ ਲਾਭ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਿਦੇਸ਼ਾਂ ਵਿੱਚ ਸਿੱਖੇ ਹੁਨਰ ਨੂੰ ਲਾਗੂ ਕਰਨ ਵਿੱਚ ਅਧਿਆਪਕਾਂ ਦੀ ਮਦਦ ਕਰਨ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਉਨ੍ਹਾਂ ਲਈ ਆਪਣੇ ਗਿਆਨ ਨੂੰ ਦੂਜੇ ਅਧਿਆਪਕਾਂ ਨਾਲ ਸਾਂਝਾ ਕਰਨ ਲਈ ਪਲੇਟਫਾਰਮ ਤਿਆਰ ਕਰੇਗੀ ਅਤੇ ਸਕੂਲਾਂ ਵਿੱਚ ਨਿਰੰਤਰ ਸੁਧਾਰ ਦਾ ਸੱਭਿਆਚਾਰ ਪੈਦਾ ਕਰੇਗੀ। ਭਗਵੰਤ ਸਿੰਘ ਮਾਨ ਨੇ ਅਧਿਆਪਕਾਂ ਨੂੰ ਇਸ ਪਰਿਵਰਤਨਸ਼ੀਲ ਪਹਿਲਕਦਮੀ ਦਾ ਹਿੱਸਾ ਬਣਨ `ਤੇ ਮਾਣ ਮਹਿਸੂਸ ਕਰਨ ਦਾ ਸੱਦਾ ਦਿੱਤਾ ਕਿਉਂਕਿ ਉਹ ਸਿਰਫ਼ ਸਿਖਲਾਈ ਲਈ ਹੀ ਨਹੀਂ, ਸਗੋਂ ਲੱਖਾਂ ਬੱਚਿਆਂ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਆਪਣੇ ਨਾਲ ਲੈ ਕੇ ਗਏ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੱਖਿਆ ਸਾਡੇ ਸੂਬੇ ਅਤੇ ਸਾਡੇ ਦੇਸ਼ ਦੀ ਤਰੱਕੀ ਲਈ ਸਾਡੇ ਕੋਲ ਮੌਜੂਦ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ ਅਤੇ ਇਹ ਪੰਜਾਬ ਦੀ ਸਿੱਖਿਆ ਦੀ ਕਹਾਣੀ ਵਿੱਚ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਮਰੱਥਾ ਤੇ ਕਾਬਲੀਅਤ `ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਕਿਸੇ ਵੀ ਖੇਤਰ ਵਿੱਚ ਮੱਲਾਂ ਮਾਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕੋਈ ਖ਼ਾਸ ਵਿਸ਼ੇ ਲੈਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ, ਸਗੋਂ ਉਨ੍ਹਾਂ ਨੂੰ ਆਪਣੀ ਮਰਜ਼ੀ ਅਨੁਸਾਰ ਚੱਲਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਵਿਦਿਆਰਥੀਆਂ ਨੂੰ ਜੀਵਨ ਵਿੱਚ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਹਰ ਖੇਤਰ ਵਿੱਚ ਆਪਣੇ ਲਈ ਵੱਖਰਾ ਸਥਾਨ ਬਣਾਉਣ ਵਿੱਚ ਮਦਦ ਕਰੇਗਾ।
ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਿਦਿਆਰਥੀਆਂ ਲਈ ਵਿਲੱਖਣ ਮੌਕੇ ਦਾ ਐਲਾਨ ਕਰਦਿਆਂ ਉਨ੍ਹਾਂ ਨੂੰ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਅਤੇ ਗੂਗਲ ਦੇ ਮੁੱਖ ਦਫ਼ਤਰ ਦਾ ਦੌਰਾ ਕਰਵਾਉਣ ਬਾਰੇ ਕਿਹਾ। ਇਸ ਵਿਲੱਖਣ ਤਜਰਬੇ ਦਾ ਮੰਤਵ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਤਕਨਾਲੋਜੀ ਨੂੰ ਜਾਨਣ ਦਾ ਮੌਕਾ ਦੇਣਾ ਹੈ।