2018 ਤੋਂ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਕੇ ਹੋਰਨਾ ਕਿਸਾਨਾਂ ਲਈ ਮਿਸਾਲ ਬਣਿਆ ਕਿਸਾਨ ਜਗਦੀਸ਼ ਸਿੰਘ
ਫ਼ਰੀਦਕੋਟ 4, ਅਕਤੂਬਰ ()
ਜਿਲ੍ਹੇ ਦੇ ਪਿੰਡ ਵਾੜਾ ਭਾਈਕਾ ਦਾ ਵਸਨੀਕ ਕਿਸਾਨ ਸ. ਜਗਦੀਸ਼ ਸਿੰਘ ਸਾਲ 2018 ਤੋਂ ਝੋਨੇ ਦੀ ਪਰਾਲੀ ਦਾ ਸਫਲ ਪ੍ਰਬੰਧਨ ਕਰਕੇ ਹੋਰਨਾ ਕਿਸਾਨਾਂ ਲਈ ਮਿਸਾਲ ਪੈਦਾ ਕਰ ਰਿਹਾ ਹੈ ਅਤੇ ਵਾਤਾਵਰਨ ਦੀ ਸੰਭਾਲ ਅਤੇ ਧਰਤੀ ਵਿਚਲੇ ਕੁਦਰਤੀ ਤੱਤਾਂ ਨੂੰ ਸੰਭਾਲ ਰਿਹਾ ਹੈ।
ਕਿਸਾਨ ਜਗਦੀਸ ਸਿੰਘ ਨੇ ਦੱਸਿਆ ਕਿ ਝੋਨਾ-ਕਣਕ ਦੇ ਰਵਾਇਤੀ ਫਸਲੀ ਚੱਕਰ ਵਿੱਚ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਜਮੀਨ ਦੀ ਸਿਹਤ ਦੇ ਡਿਗਦੇ ਪੱਧਰ ਜਿਸ ਵਿੱਚ ਜੈਵਿਕ ਮਾਦਾ ਘਟਣਾ, ਸੂਖਮ ਜੀਵ ਅਤੇ ਹੋਰ ਮਿੱਤਰ ਕੀੜਿਆਂ ਦਾ ਸੜ ਜਾਣਾ ਅਤੇ ਦਿਨੋ ਦਿਨ ਪ੍ਰਦੂਸ਼ਤ ਹੋ ਰਹੇ ਵਾਤਾਵਰਨ ਤੋਂ ਚਿੰਤਤ ਹੁੰਦਿਆਂ ਉਨ੍ਹਾਂ ਸਾਲ 2018 ਤੋਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸਾਂਭ ਕੇ ਫਸਲਾਂ ਬੀਜਣ ਦਾ ਫੈਸਲਾ ਲਿਆ ਅਤੇ ਸਫਲਤਾ ਹਾਸਲ ਕਰਨ ਉਪਰੰਤ ਹੋਰਨਾਂ ਕਿਸਾਨਾਂ ਨੂੰ ਵੀ ਇਸ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਦੱਸਿਆ ਕਿ ਉਸ ਵੱਲੋਂ ਲਗਭਗ 17 ਏਕੜ ਰਕਬੇ ਚ ਕਣਕ-ਝੋਨਾ, ਹਰਾ ਚਾਰਾ, ਘਰੇਲੂ ਜਰੂਰਤ ਅਨੁਸਾਰ ਸਬਜੀਆਂ ਆਦਿ ਫਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਉਸ ਵੱਲੋਂ ਸ਼ੁਰੂ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਜਾਈ ਕੀਤੀ ਜਾਂਦੀ ਰਹੀ ਹੈ ਅਤੇ ਸ਼ੁਰੂਆਤੀ ਸਮੇਂ ਦੌਰਾਨ ਉਨਾਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਲਗਾਤਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਸੰਪਰਕ ਚ ਰਹਿ ਕੇ ਅਤੇ ਸਮੇਂ ਸਮੇਂ ਤੇ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਆਉਂਦੀਆਂ ਸਮੱਸਿਆਵਾਂ ਨੂੰ ਸਹੀ ਤਕਨੀਕੀ ਨੁਕਤੇ ਅਪਣਾ ਕੇ ਦੂਰ ਕੀਤਾ ਅਤੇ ਫਸਲਾਂ ਦੀ ਚੰਗੀ ਪੈਦਾਵਾਰ ਲਈ। ਉਨ੍ਹਾਂ ਕਿਹਾ ਕਿ ਉਹ ਆਪਣੇ ਇਸ ਫੈਸਲੇ ਤੋਂ ਪੂਰੀ ਤਰਾਂ ਸੰਤੁਸ਼ਟ ਹਨ, ਕਿਉਂਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਲਗਾਤਾਰ ਪਿਛਲੇ 6 ਸਾਲ ਤੋਂ ਵਾਹੁਣ ਨਾਲ ਜਿੱਥੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਇਆ ਹੈ ਉਥੇ ਹੀ ਖਾਦਾਂ ਅਤੇ ਹੋਰ ਖੇਤੀਬਾੜੀ ਸਮੱਗਰੀ ਤੇ ਖਰਚ ਘਟਿਆ ਹੈ ਅਤੇ ਪੈਦਾਵਾਰ ਵਧੀ ਹੈ ਜਿਸ ਤੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਸ ਨੂੰ ਸਭ ਤੋਂ ਜਿਆਦਾ ਸੰਤੁਸ਼ਟੀ ਇਸ ਗੱਲ ਦੀ ਹੈ ਕਿ ਫਸਲੀ ਰਹਿੰਦ ਖੂੰਹਦ ਜਮੀਨ ਚ ਵਾਹਣ ਨਾਲ ਜਿੱਥੇ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ, ਫਸਲ ਦਾ ਝਾੜ ਸ਼ਾਨਦਾਰ ਹੁੰਦਾ ਹੈ, ਉੱਥੇ ਹੀ ਉਹ ਜਮੀਨ ਵਿਚਲੇ ਸੂਖਮ ਜੀਵ ਅਤੇ ਫਸਲਾਂ ਚ ਰਹਿਣ ਵਾਲੇ ਕਿਸਾਨਾਂ ਦੇ ਮਿੱਤਰ ਕੀੜਿਆਂ ਨੂੰ ਉਹ ਸੜਨ ਕੇ ਖਤਮ ਹੋਣ ਤੋਂ ਬਚਾ ਰਿਹਾ ਹੈ।
ਖੇਤੀ ਸਬੰਧੀ ਆਪਣੇ ਤਜਰਬੇ ਸਾਂਝੇ ਕਰਦਿਆਂ ਉਨਾਂ ਦੱਸਿਆ ਕਿ ਹੈਪੀ ਸੀਡਰ, ਸੁਪਰ ਸੀਡਰ ਨਾਲ ਬਿਜਾਈ ਸਮੇਂ ਖਾਸ ਧਿਆਨ ਦੇਣ ਯੋਗ ਨੁਕਤਾ ਇਹ ਹੈ ਕਿ ਝੋਨੇ ਦੀ ਪਰਾਲੀ ਨੂੰ ਆਖਰੀ ਪਾਣੀ ਜਮੀਨ ਦੀ ਕਿਸਮ ਅਨੁਸਾਰ ਇਸ ਗੱਲ ਨੂੰ ਧਿਆਨ ਚ ਰੱਖ ਕੇ ਲਗਾਇਆ ਜਾਵੇ ਕਿ ਕਣਕ ਦੀ ਬਿਜਾਈ ਸਮੇਂ ਜਮੀਨ ਬਹੁਤ ਜਿਆਦਾ ਖੁਸ਼ਕ ਨਾ ਹੋਵੇ। ਦੂਸਰੀ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਝੋਨੇ ਦੀ ਵਾਢੀ ਐਸ.ਐਮ.ਐਸ ਵਾਲੀ ਕੰਬਾਈਨ ਨਾਲ ਕਰਵਾਈ ਜਾਵੇ ਜੋ ਝੋਨੇ ਦੀ ਵਾਢੀ ਦੇ ਨਾਲ-ਨਾਲ ਝੋਨੇ ਦੀ ਪਰਾਲੀ ਨੂੰ ਕੁਤਰਾ ਕਰਕੇ ਖੇਤ ਚ ਇੱਕਸਾਰ ਖਿਲਾਰ ਦਿੰਦੀ ਹੈ ਜਿਸ ਨਾਲ ਕਣਕ ਦੀ ਬਿਜਾਈ ਬੜੀ ਅਸਾਨੀ ਨਾਲ ਹੋ ਜਾਂਦੀ ਹੈ ਅਤੇ ਕਣਕ ਦੀ ਜੰਮ ਵੀ ਬਹੁਤ ਵਧੀਆਂ ਹੁੰਦਾ ਹੈ। ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਸ਼ੁਰੂਆਤੀ ਸਮੇਂ ਦੌਰਾਨ ਆਈ ਕਣਕ ਦੀ ਗੁਲਾਬੀ ਸੁੰਡੀ ਦੀ ਮੁਸ਼ਕਿਲ ਦੇ ਹੱਲ ਲਈ ਉਹ ਕਣਕ ਦੇ ਬੀਜ ਨੂੰ ਖੇਤੀ ਮਾਹਿਰਾਂ ਦੀ ਸਿਫਾਰਿਸ਼ ਅਨੁਸਾਰ ਕਲੋਰੋਪਾਇਰੀਫਾਸ 4 ਮਿਲੀਲਿਟਰ/ਕਿਲੋ ਬੀਜ ਲਾ ਕੇ ਬੀਜਦਾ ਹੈਂ ਅਤੇ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਫਸਲ ਦਾ ਬੜੇ ਧਿਆਨ ਨਾਲ ਨਿਰੀਖਣ ਕਰਦਾ ਹੈਂ ਅਤੇ ਜਿਸ ਖੇਤ ਵਿੱਚ ਸੁੰਡੀ ਦਾ ਹਮਲਾ ਹੋਣ ਦਾ ਸ਼ੱਕ ਹੋਵੇ ਉੱਥੇ ਪਾਣੀ ਲਾਉਣ ਤੋਂ ਪਹਿਲਾਂ ਕੀਟਨਾਸ਼ਕ ਦਾ ਛੱਟਾ ਦੇ ਕੇ ਪਾਣੀ ਲਾਇਆ ਜਾਂਦਾ ਹੈ ਜਿਸ ਨਾਲ ਕਦੇ ਵੀ ਸੁੰਡੀ ਦੇ ਹਮਲੇ ਨਾਲ ਫਸਲ ਦਾ ਬਿਲਕੁਲ ਵੀ ਨੁਕਸਾਨ ਨਹੀਂ ਹੋਇਆ।
ਜਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜਗਦੀਸ਼ ਸਿੰਘ ਵਰਗੇ ਅਗਾਂਹਵਧੂ ਕਿਸਾਨ ਜਿੰਨਾਂ ਨੇ ਪਰਾਲੀ ਪ੍ਰਬੰਧਨ ਕਰਕੇ ਜਿੱਥੇ ਵਾਤਾਵਰਨ ਦੀ ਸੰਭਾਲ ਕੀਤੀ, ਉੱਥੇ ਹੀ ਜਮੀਨ ਵਿਚਲੇ ਖੁਰਾਕੀ ਤੱਤਾਂ ਦੀ ਵੀ ਸੰਭਾਲ ਕੀਤੀ ਅਤੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣੇ ਹਨ, ਅਜਿਹੇ ਹੋਣਹਾਰ ਕਿਸਾਨਾਂ ਨੂੰ ਜਿਲ੍ਹਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਬੋਝ ਨਾ ਮੰਨਿਆ ਜਾਵੇ ਕਿਉਂਕਿ ਇਹ ਆਉਂਦੀ ਫਸਲ ਲਈ ਬਹੁਤ ਸਾਰੇ ਖੁਰਾਕੀ ਤੱਤਾਂ ਅਤੇ ਜੈਵਿਕ ਮਾਦੇ ਦਾ ਖਜ਼ਾਨਾ ਹੈ, ਜਿਸ ਨੂੰ ਅਸੀਂ ਜਮੀਨ ਚ ਵਾਹ ਕੇ ਜਮੀਨ ਦੀ ਸਿਹਤ ਚ ਸੁਧਾਰ ਕਰ ਸਕਦੇ ਹਾਂ, ਦਿਨੋ ਦਿਨ ਮਹਿੰਗੀਆਂ ਹੋ ਰਹੀਆਂ ਰਸਾਇਣਿਕ ਖਾਦਾਂ ਤੇ ਹੁੰਦਾ ਖੇਤੀ ਖਰਚਾ ਘਟਾ ਸਕਦੇ ਹਾਂ ਅਤੇ ਸਭ ਤੋਂ ਵੱਡੀ ਗੱਲ ਕਿ ਵਾਤਾਵਰਨ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹਾਂ ।
ਫੋਟੋ ਕੈਪਸ਼ਨ-ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਹੋਣਹਾਰ ਕਿਸਾਨ ਜਗਦੀਸ਼ ਸਿੰਘ ਨੂੰ ਸਨਮਾਨਿਤ ਕਰਦੇ ਹੋਏ