ਡਿਪਟੀ ਕਮਿਸ਼ਨਰ ਵੱਲੋਂ ਬਾਲੇਵਾਲਾ ਹੈੱਡ ਦਾ ਦੌਰਾ
ਫ਼ਿਰੋਜ਼ਪੁਰ, 20 ਦਸੰਬਰ 2024:
ਡਿਪਟੀ ਕਮਿਸ਼ਨਰ ਵੱਲੋਂ ਪਿਛਲੇ 15 ਦਿਨਾਂ ਤੋਂ ਵਿਭਾਗਾਂ ਦੀ ਮੈਰਾਥਨ ਸਮੀਖਿਆ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਅੱਜ ਉਨ੍ਹਾਂ ਵੱਲੋਂ ਬਾਲੇ ਵਾਲੇ ਹੈੱਡ ਦਾ ਦੌਰਾ ਕੀਤਾ ਗਿਆ ਅਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਤੋਂ ਜ਼ਿਲ੍ਹੇ ਅੰਦਰ ਸਿੰਚਾਈ ਨੈਟਵਰਕ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਫ਼ਾਜ਼ਿਲਕਾ ਨਹਿਰ ਅਤੇ ਗਰਾਉਂਡ ਵਾਟਰ ਮੰਡਲ ਫ਼ਿਰੋਜ਼ਪੁਰ ਬਲਵਿੰਦਰ ਕੰਬੋਜ ਅਤੇ ਉਪ ਮੰਡਲ ਅਫ਼ਸਰ ਹੈੱਡ ਵਰਕਸ ਉਪ ਮੰਡਲ ਫ਼ਿਰੋਜ਼ਪੁਰ ਰਾਜਿੰਦਰ ਪਾਲ ਗੋਇਲ ਵੀ ਮੌਜੂਦ ਸਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜਲ ਸਰੋਤ ਦੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਫੀਡਰਾਂ ਦੇ ਕਿਨਾਰਿਆਂ 'ਤੇ ਸੁਰੱਖਿਆ ਰੇਲਿੰਗਾਂ ਨੂੰ ਯਕੀਨੀ ਬਣਾਇਆ ਜਾਵੇ ਅਤੇ ਥਾਂ-ਥਾਂ ਸਾਈਨ ਅਤੇ ਰਿਫਲੈਕਟਰ ਲਗਾਏ ਜਾਣ ਤਾਂ ਜੋ ਆਉਣ ਵਾਲੇ ਧੁੰਦ ਦੇ ਸੀਜ਼ਨ ਵਿੱਚ ਕਿਸੇ ਦੁਰਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਤਿੰਨਾਂ ਫੀਡਰ ਚੈਨਲਾਂ ਦੀਆਂ ਲਾਈਨਾਂ ਦੇ ਨਾਲ-ਨਾਲ ਸਫਾਈ ਦਾ ਕੰਮ ਕਰਵਾਉਣ ਦੇ ਵੀ ਆਦੇਸ਼ ਦਿੱਤੇ ਅਤੇ ਨਾਲ ਹੀ ਹੈੱਡ ਦੀ ਸਾਂਭ-ਸੰਭਾਲ ਅਤੇ ਸੁੰਦਰੀਕਰਨ 'ਤੇ ਕੰਮ ਕਰਨ ਲਈ ਕਿਹਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਵਿਭਾਗ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਸਿੰਚਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਹਦਾਇਤ ਵੀ ਕੀਤੀ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਮੀਨੀ ਪਾਣੀ ਦੀ ਬਜਾਏ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਸਿੰਚਾਈ ਲਈ ਵਰਤੋਂ ਕਰਨ।
ਇਸ ਦੌਰਾਨ ਕਾਰਜਕਾਰੀ ਇੰਜੀਨੀਅਰ ਫ਼ਾਜ਼ਿਲਕਾ ਨਹਿਰ ਅਤੇ ਗਰਾਉਂਡ ਵਾਟਰ ਮੰਡਲ ਫ਼ਿਰੋਜ਼ਪੁਰ ਬਲਵਿੰਦਰ ਕੰਬੋਜ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਬਾਲੇਵਾਲਾ ਹੈੱਡ 1923 ਵਿੱਚ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਨਹਿਰ ਜਲਦੀ ਹੀ ਪੁਨਰ-ਨਿਰਮਾਣ ਅਧੀਨ ਹੋਵੇਗੀ ਅਤੇ ਵਿਭਾਗ ਵੱਲੋਂ ਆਉਣ ਵਾਲੇ ਸਮੇਂ ਵਿੱਚ ਮਾਲਵਾ ਫੀਡਰ ਦਾ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ।