ਪਰਾਲੀ ਨੂੰ ਅੱਗ ਲੱਗੀ ਤਾਂ ਸਬੰਧਤ ਐਸਐਚਓ ਹੋਵੇਗਾ ਜਿੰਮੇਵਾਰ-ਡਿਪਟੀ ਕਮਿਸ਼ਨਰ
ਫਾਜ਼ਿਲਕਾ, 9 ਅਕਤੂਬਰ
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਅੱਜ ਥਾਣਾ ਮੁੱਖੀਆਂ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਰਫਰੰਸ ਰਾਹੀਂ ਬੈਠਕ ਕੀਤੀ। ਇਸ ਵਿਚ ਐਸਐਸਪੀ ਫਾਜ਼ਿਲਕਾ ਸ੍ਰੀ ਵਰਿੰਦਰ ਸਿੰਘ ਬਰਾੜ ਵਿਸੇਸ਼ ਤੌਰ ਤੇ ਹਾਜਰ ਹੋਏ।
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਮਾਨਯੋਗ ਸਰਵਉਚ ਅਦਾਲਤ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਸਾੜਨ ਤੋਂ ਸਖ਼ਤੀ ਨਾਲ ਵਰਜਿਆ ਗਿਆ ਹੈ ਅਤੇ ਇਸ ਸਬੰਧੀ ਮਾਨਯੋਗ ਅਦਾਲਤ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਕਿਸੇ ਇਲਾਕੇ ਵਿਚ ਪਰਾਲੀ ਸਾੜਨ ਦੀ ਘਟਨਾ ਵਾਪਰਦੀ ਹੈ ਤਾਂ ਉਸ ਖੇਤਰ ਦਾ ਐਸਐਚਓ ਜਿੰਮੇਵਾਰ ਹੋਵੇਗਾ। ਉਨ੍ਹਾਂ ਨੇ ਥਾਣਾ ਮੁੱਖੀਆਂ ਨੂੰ ਕਿਹਾ ਕਿ ਉਹ ਹੁਣ ਤੋਂ ਹੀ ਲੋਕਾਂ ਨਾਲ ਰਾਬਤਾ ਕਰਕੇ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਕਿਉਂਕਿ ਜੇਕਰ ਕਿਸੇ ਇਲਾਕੇ ਵਿਚ ਪਰਾਲੀ ਸੜੀ ਤਾਂ ਇਸ ਲਈ ਸਬੰਧਤ ਇਲਾਕੇ ਦੇ ਐਸਐਚਓ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਪਰਾਲੀ ਸੜਨ ਤੇ ਐਸਐਚਓ ਦੀ ਜਵਾਬਦੇਹੀ ਹੀ ਨਹੀਂ ਸਗੋਂ ਲਗਾਤਾਰ ਦੋ ਕਾਰਨ ਦੱਸੋ ਨੋਟਿਸ ਜਾਰੀ ਹੋਣ ਤੋਂ ਬਾਅਦ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਲਈ ਸਾਰੇ ਥਾਣਾ ਮੁੱਖੀ ਲੋਕਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਸਮਝਾਉਂਦੇ ਹੋਏ ਉਨ੍ਹਾਂ ਨੂੰ ਪਰਾਲੀ ਦਾ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਤਰੀਕਿਆਂ ਨਾਲ ਨਿਪਟਾਰਾ ਕਰਨ ਲਈ ਉਨ੍ਹਾਂ ਨੂੰ ਉਤਸਾਹਿਤ ਕਰਨ।
ਡਿਪਟੀ ਕਮਿਸ਼ਨਰ ਨੇ ਅੱਗੇ ਇਹ ਵੀ ਕਿਹਾ ਕਿ ਸਾਰੇ ਨੋਡਲ ਅਫ਼ਸਰ, ਕਲਸਟਰ ਅਫ਼ਸਰ ਵੀ ਲਗਾਤਾਰ ਪਿੰਡਾਂ ਦਾ ਦੌਰਾ ਕਰਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਕੋਈ ਕਿਸਾਨ ਝੋਨੇ ਦੀ ਫਸਲ ਦੀ ਕਟਾਈ ਕਰਦਾ ਹੈ ਉਸ ਨਾਲ ਰਾਬਤਾ ਕਰਕੇ ਉਸਨੂੰ ਪਰਾਲੀ ਦੇ ਵਾਤਾਵਰਨ ਪੱਖੀ ਤਰੀਕੇ ਨਾਲ ਸੰਭਾਲਣ ਲਈ ਉਤਸਾਹਿਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਉਪਲਬੱਧ ਮਸ਼ੀਨਾਂ ਦੀਆਂ ਸੂਚੀਆਂ ਸਾਂਝੀਆਂ ਥਾਂਵਾਂ ਤੇ ਲਗਾ ਦਿੱਤੀਆਂ ਗਈਆਂ ਹਨ ਅਤੇ ਕਿਸਾਨ ਉਨੱਤ ਕਿਸਾਨ ਐਪ ਰਾਹੀਂ ਵੀ ਮਸ਼ੀਨਾਂ ਪ੍ਰਾਪਤ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਗਈ ਅਤੇ ਕਿਹਾ ਗਿਆ ਕਿ ਪਰਾਲੀ ਨੂੰ ਖੇਤ ਵਿਚ ਮਿਲਾ ਕੇ ਹੀ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਧੇਗੀ।