ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੰਗਰ ਖੇੜਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ 2024 ਦਾ ਆਯੋਜਨ
ਅਬੋਹਰ 14 ਨਵੰਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੰਗਰ ਖੇੜਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ 2024 ਅਤੇ ਸਕੂਲ ਮੈਗਜ਼ੀਨ 'ਕਲਮੀ ਸੁਗੰਧ ਭਾਗ-2' ਲਾਂਚ ਕੀਤਾ ਗਿਆ। ਸਮਾਗਮ ਪ੍ਰਿੰਸੀਪਲ ਧਰਮਪਾਲ ਜਾਲਪ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪਿੰਡ ਡੰਗਰ ਖੇੜਾ ਦੇ ਸਰਪੰਚ ਸ਼ੈਫਾਲੀ ਟਾਕ, ਭੀਮ ਸੈਨ ਟਾਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਐੱਸਐੱਮਸੀ ਚੇਅਰਮੈਨ ਭਜਨ ਲਾਲ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਾਲਾਨਾ ਇਨਾਮ ਵੰਡ ਸਮਾਗਮ ਵਿੱਚ ਬੱਚਿਆਂ ਦੇ ਮਾਤਾ-ਪਿਤਾ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਸਵਾਗਤੀ ਗੀਤ ਨਾਲ ਹੋਈ। ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਜਿਵੇਂ ਭੰਗੜਾ, ਗਿੱਧਾ, ਫੈਸ਼ਨ ਸ਼ੋਅ, ਸਕਿੱਟ, ਲੁੱਡੀ, ਪੰਜਾਬੀ, ਰਾਜਸਥਾਨੀ ਅਤੇ ਹਰਿਆਣਵੀ ਲੋਕ ਗੀਤ ਅਤੇ ਡਾਂਸ, ਕੋਰੀਓਗ੍ਰਾਫੀ ਆਦਿ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਕਲਾ ਪ੍ਰਦਰਸ਼ਨੀ, ਬਿਜ਼ਨਸ ਬਲਾਸਟਰ ਪ੍ਰਦਰਸ਼ਨੀ ਅਤੇ ਲਾਇਬ੍ਰੇਰੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਦੌਰਾਨ ਬੋਰਡ ਦੀ ਪ੍ਰੀਖਿਆ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਸਕੂਲ ਵਿੱਚ ਆਏ ਹੋਏ ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਕੂਲ ਪਹੁੰਚਣ ’ਤੇ ਸਨਮਾਨ ਵੀ ਕੀਤਾ ਗਿਆ।
ਪਿੰਡ ਡੰਗਰ ਖੇੜਾ ਦੀ ਪੰਚਾਇਤ ਨੇ ਸਕੂਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਪ੍ਰਿੰਸੀਪਲ ਧਰਮਪਾਲ ਜਾਲਪ ਅਤੇ ਸਾਰਿਆਂ ਦੀ ਅਗਵਾਈ ਵਿੱਚ ਬਹੁਤ ਤਰੱਕੀ ਕਰ ਰਿਹਾ ਹੈ। ਸਕੂਲ ਸਟਾਫ਼ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਿਹਾ ਹੈ। ਪਿੰਡ ਦੀ ਪੰਚਾਇਤ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਸਕੂਲ ਸਿੱਖਿਆ ਦਾ ਇੰਨਾ ਪਸਾਰ ਕਰ ਰਿਹਾ ਹੈ ਕਿ ਇਸ ਪਿੰਡ ਵਿੱਚ ਇੱਕ ਵੀ ਪ੍ਰਾਈਵੇਟ ਸਕੂਲ ਨਹੀਂ ਹੈ। ਸਕੂਲ ਦੇ ਪ੍ਰਿੰਸੀਪਲ ਧਰਮਪਾਲ ਜਾਲਪ ਨੇ ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਦਾ ਜ਼ਿਕਰ ਕਰਦਿਆਂ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਅਤੇ ਸਮਾਗਮ ਵਿੱਚ ਸ਼ਾਮਲ ਹੋਏ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ, ਐਸਐਮਸੀ ਚੇਅਰਮੈਨ, ਪਿੰਡ ਦੇ ਪਤਵੰਤਿਆਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।