ਵਡਾਲਾ ਜੌਹਲ ਦੇ ਖੇਤਾਂ ਵਿੱਚ ਪਰਾਲੀ ਨੂੰ ਲੱਗੀ ਅੱਗ ਵਧੀਕ ਡਿਪਟੀ ਕਮਿਸ਼ਨਰ ਨੇ ਮੌਕੇ ਉੱਤੇ ਪੁੱਜ ਕੇ ਬੁਝਾਈ
ਅੰਮ੍ਰਿਤਸਰ, 3 ਅਕਤੂਬਰ--ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਵਾਤਾਵਰਨ ਬਚਾਉਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਤੋਂ ਬਚਾਉਣ ਦਾ ਜੋ ਬੀੜਾ ਚੁੱਕਿਆ ਹੋਇਆ ਹੈ , ਉਸ ਵਿੱਚ ਸਾਥ ਦਿੰਦੇ ਹੋਏ ਬੀਤੇ ਦੋ ਦਿਨਾਂ ਤੋਂ ਛੁੱਟੀਆਂ ਦੇ ਬਾਵਜੂਦ ਡਿਪਟੀ ਕਮਿਸ਼ਨਰ ਸਮੇਤ ਸਾਰੇ ਅਧਿਕਾਰੀ ਆਪਣੇ-ਆਪਣੇ ਇਲਾਕੇ ਵਿੱਚ ਖੇਤਾਂ ਉੱਤੇ ਪਹਿਰਾ ਦਿੰਦੇ ਰਹੇ। ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਜੋਤੀ ਬਾਲਾ ਅਤੇ ਉਹਨਾਂ ਦੀ ਟੀਮ ਜਿਸ ਵਿੱਚ ਜਿਲਾ ਖੇਤੀਬੜੀ ਅਧਿਕਾਰੀ ਤਜਿੰਦਰ ਸਿੰਘ, ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਸੁਖਦੇਵ ਸਿੰਘ ਸ਼ਾਮਿਲ ਸਨ, ਨੇ ਪਿੰਡਾਂ ਦੇ ਦੌਰੇ ਦੌਰਾਨ ਵਡਾਲਾ ਜੌਹਲ ਦੇ ਖੇਤਾਂ ਵਿੱਚੋਂ ਧੂੰਆਂ ਨਿਕਲਦਾ ਵੇਖਿਆ ਤਾਂ ਉਹ ਗੱਡੀਆਂ ਲੈ ਕੇ ਮੌਕੇ ਉੱਤੇ ਪਹੁੰਚੇ। ਜਿੱਥੇ ਇੱਕ ਕਿਸਾਨ ਨੇ ਪਰਾਲੀ ਨੂੰ ਅੱਗ ਲਗਾਈ ਹੋਈ ਸੀ। ਉਨਾਂ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ਤੇ ਬੁਲਾ ਕੇ ਅੱਗ ਬੁਝਾਈ ਅਤੇ ਕਿਸਾਨ ਦੇ ਹੀ ਟਰੈਕਟਰਾਂ ਨਾਲ ਅੱਗ ਉੱਤੇ ਕਾਬੂ ਪਾਇਆ।
ਇਸੇ ਦੌਰਾਨ ਬਾਬਾ ਬਕਾਲਾ ਸਾਹਿਬ ਦੇ ਐਸਡੀਐਮ ਸ੍ਰੀ ਅਮਨਪ੍ਰੀਤ ਸਿੰਘ ਨੇ ਆਪਣੇ ਇਲਾਕੇ ਵਿੱਚ ਲੱਗੀ ਅੱਗ ਨੂੰ ਮੌਕੇ ਉੱਤੇ ਪਹੁੰਚ ਕੇ ਬੁਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ। ਇਹ ਇੱਕ ਜਾਂ ਦੋ ਵਾਕਿਆ ਹੀ ਨਹੀਂ ਬਲਕਿ ਕਈ ਥਾਵਾਂ ਉੱਤੇ ਅਧਿਕਾਰੀ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਸਮਝਾਉਂਦੇ, ਅੱਗ ਉੱਤੇ ਕਾਬੂ ਪਾਉਂਦੇ ਅਤੇ ਬੇਲਰ ਨਾਲ ਪਰਾਲੀ ਨੂੰ ਸਾਂਭਣ ਦੀਆਂ ਡਿਊਟੀਆਂ ਕਰਦੇ ਵੇਖੇ ਗਏ। ਜ਼ਿਲਾ ਖੇਤੀਬਾੜੀ ਅਧਿਕਾਰੀ ਤਜਿੰਦਰ ਸਿੰਘ ਨੇ ਦੱਸਿਆ ਕਿ ਅਜੇ ਝੋਨੇ ਦੀਆਂ ਅਗੇਤੀਆਂ ਪੱਕਣ ਵਾਲੀਆਂ ਕਿਸਮਾਂ ਦੀ ਹੀ ਕਟਾਈ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਕਟਾਈ ਪੂਰੇ ਜੋਬਨ ਉੱਤੇ ਹੋਵੇਗੀ, ਜਿਸ ਦੌਰਾਨ ਸਾਨੂੰ ਸਾਰਿਆਂ ਨੂੰ ਹੋਰ ਮੁਸ਼ਤੈਦੀ ਨਾਲ ਇਸ ਫਰਜ ਉੱਤੇ ਪਹਿਰਾ ਦੇਣਾ ਪਵੇਗਾ। ਐਕਸੀਅਨ ਸੁਖਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਅਸੀਂ ਮੁਕਾਬਲਤਨ ਬਹੁਤ ਵਧੀਆ ਸਥਿਤੀ ਵਿੱਚ ਹਾਂ ਅਤੇ ਜੇਕਰ ਸਾਰੇ ਅਧਿਕਾਰੀ ਤੇ ਕਰਮਚਾਰੀ ਇਸੇ ਤਰ੍ਹਾਂ ਆਪਣੀ ਡਿਊਟੀ ਉੱਤੇ ਪਹਿਰਾ ਦਿੰਦੇ ਰਹੇ ਤਾਂ ਅਸੀਂ ਵਾਤਾਵਰਨ ਨੂੰ ਬਚਾਉਣ ਵਿੱਚ ਵੱਡਾ ਯੋਗਦਾਨ ਪਾਵਾਂਗੇ।