ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਸਹਿਕਾਰੀ ਖੰਡ ਮਿੱਲ ਦਾ ਨਵਾਂ ਪ੍ਰੋਜੈਕਟ ਇਲਾਕੇ ਵਿੱਚ ਖੁਸ਼ਹਾਲੀ ਲੈ ਕੇ ਆਵੇਗਾ - ਸ਼ੈਰੀ ਕਲਸੀ
Batala/Gurdaspur, 8 December,2024,(Azad Soch News):- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਪੰਜਾਬ ਦੀ ਦੂਸਰੀ ਸਭ ਤੋਂ ਪੁਰਾਣੀ ਸਹਿਕਾਰੀ ਖੰਡ ਮਿੱਲ ਬਟਾਲਾ ਨੂੰ 330 ਕਰੋੜ ਰੁਪਏ ਦੀ ਲਾਗਤ ਨਾਲ 1200 ਟੀ.ਸੀ.ਡੀ. ਤੋਂ 3500 ਟੀ.ਸੀ.ਡੀ. ਦੀ ਸਮਰੱਥਾ ਦਾ ਕਰਕੇ ਬਟਾਲਾ ਇਲਾਕੇ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਹਿਕਾਰੀ ਖੰਡ ਮਿੱਲ ਬਟਾਲਾ ਦਾ ਇਹ ਨਵਾਂ ਪ੍ਰੋਜੈਕਟ ਜਿਥੇ ਇਲਾਕੇ ਵਿੱਚ ਗੰਨੇ ਦੀ ਕਾਸ਼ਤ ਅਧੀਨ ਰਕਬੇ ਨੂੰ ਵਧਾਏਗਾ ਓਥੇ ਇਹ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰੇਗਾ।
ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਬਟਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਬਟਾਲਾ ਖੰਡ ਮਿੱਲ ਦੇ ਨਵੇਂ ਪ੍ਰੋਜੈਕਟ ਦਾ ਉਦਘਾਟਨ ਕਰਕੇ ਕਿਸਾਨਾਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ 1961 ਤੋਂ ਚੱਲ ਰਹੀ ਇਸ ਖੰਡ ਮਿੱਲ ਦੀ ਸਮਰੱਥਾ 1200 ਟੀਸੀਡੀ ਦੀ ਸੀ ਅਤੇ ਇਸਦੀ ਮਸ਼ੀਨਰੀ ਬਹੁਤ ਪੁਰਾਣੀ ਹੋ ਚੁੱਕੀ ਸੀ, ਜਿਸ ਕਾਰਨ ਇਹ ਮਿੱਲ ਘੱਟ ਗੰਨਾ ਪੀੜ੍ਹ ਦੀ ਸੀ। ਉਨ੍ਹਾਂ ਕਿਹਾ ਕਿ ਮਿੱਲ ਦੀ ਪਿੜ੍ਹਾਈ ਸਮਰੱਥਾ ਘੱਟ ਹੋਣ ਕਾਰਨ ਕਿਸਾਨਾਂ ਨੂੰ ਆਪਣਾ ਗੰਨਾਂ ਦੂਰ ਦੀਆਂ ਮਿੱਲਾਂ ਵਿੱਚ ਲਿਜਾਣਾ ਪੈਂਦਾ ਸੀ ਜਿਸ ਕਾਰਨ ਉਨ੍ਹਾਂ ਦੇ ਸਮੇਂ ਅਤੇ ਪੈਸੇ ਦਾ ਨੁਕਸਾਨ ਹੁੰਦਾ ਸੀ। ਇਸ ਕਾਰਨ ਕਈ ਕਿਸਾਨ ਗੰਨੇ ਦੀ ਬਿਜਾਈ ਕਰਨ ਤੋਂ ਵੀ ਹਟ ਗਏ ਸਨ।
ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 330 ਕਰੋੜ ਰੁਪਏ ਖਰਚ ਕਰਕੇ ਸਹਿਕਾਰੀ ਖੰਡ ਮਿੱਲ ਬਟਾਲਾ ਦੀ ਸਮਰੱਥਾ ਹੁਣ 3500 ਟੀਸੀਡੀ ਕਰ ਦਿੱਤੀ ਗਈ ਅਤੇ ਇਸ ਵਿੱਚ 14 ਮੈਗਾਵਾਟ ਦਾ ਕੋ-ਜੈਨਰੇਸ਼ਨ ਪਲਾਂਟ ਵੀ ਲਗਾਇਆ ਗਿਆ ਹੈ। ਇਸ ਮਿੱਲ ਵਿੱਚ ਰਿਫਾਇੰਡ ਖੰਡ ਦਾ ਉਤਪਾਦਨ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਵਾਲੀ ਇਹ ਸੂਬੇ ਦੀ ਪਹਿਲੀ ਸਹਿਕਾਰੀ ਖੰਡ ਮਿੱਲ ਹੋਵੇਗੀ।
ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਮਿੱਲ ਦੇ ਮੌਜੂਦਾ ਸੀਜ਼ਨ ਦੌਰਾਨ 35 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰਨ ਦਾ ਟੀਚਾ ਹੈ ਅਤੇ ਇਹ ਵਾਤਾਵਰਣ ਪੱਖੀ ਪਲਾਂਟ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਵਿੱਚ ਆਪਣੀ ਕਿਸਮ ਦੀ ਪਹਿਲੀ ਖੰਡ ਮਿੱਲ ਹੈ ਜਿੱਥੇ 100 ਫੀਸਦੀ ਗੈਸ ਪਾਈਪ ਲਾਈਨ ਪਾਈ ਜਾਵੇਗੀ ਅਤੇ ਇਸ ਦੀ ਸਮਰੱਥਾ ਰੋਜ਼ਾਨਾ 14000 ਘਣ ਮੀਟਰ ਹੈ ਅਤੇ ਇਹ ਵਾਤਾਵਰਣ ਵਿੱਚ 30,000 ਕਾਰਾਂ ਦੇ ਹੁੰਦੇ ਪ੍ਰਦੂਸ਼ਣ ਦੇ ਬਰਾਬਰ ਪ੍ਰਦੂਸ਼ਣ ਨੂੰ ਰੋਕ ਸਕੇਗੀ। ਉਨ੍ਹਾਂ ਕਿਹਾ ਕਿ ਬਟਾਲਾ ਸ਼ੂਗਰ ਮਿੱਲ ਦੇ ਨਾਲ ਲੱਗਿਆ ਇਹ ਪਲਾਂਟ ਰੋਜ਼ਾਨਾ 150 ਟਨ ਤੋਂ ਵੱਧ ਰਹਿੰਦ-ਖੂੰਹਦ ਨੂੰ ਪ੍ਰੋਸੈਸ ਕਰੇਗਾ ਅਤੇ 20 ਟਨ ਆਰਗੈਨਿਕ ਖਾਦ ਤਿਆਰ ਕਰੇਗਾ ਜਿਸ ਨਾਲ ਸਥਾਨਕ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ।
ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਸ਼ੂਗਰ ਮਿੱਲ ਬਟਾਲਾ ਦੇ ਨਾਲ ਹੀ ਪਿੰਡ ਬਹਾਦਰਪੁਰ ਪੰਜਾਬ ਦਾ ਪਹਿਲਾ ਪਿੰਡ ਹੈ ਜਿੱਥੇ ਘਰ-ਘਰ ਬਾਇਓ ਰਸੋਈ ਗੈਸ ਪਹੁੰਚਾਉਣ ਲਈ ਪਾਈਪ ਲਾਈਨ ਵਿਛਾਈ ਗਈ ਹੈ। ਇਹ ਮਿੱਲ ਵਿਸ਼ਵ ਭਰ ਵਿੱਚ ਉਪਲਬਧ ਨਵੀਨਤਮ ਤਕਨਾਲੋਜੀ ਨਾਲ ਲੈਸ ਹੈ ਅਤੇ ਇਸ ਨਾਲ ਬਟਾਲਾ ਖੇਤਰ ਦੇ ਗੰਨਾ ਕਾਸ਼ਤਕਾਰਾਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ 6 ਦਸੰਬਰ ਨੂੰ ਬਟਾਲਾ ਸ਼ੂਗਰ ਮਿੱਲ ਦੇ ਨਵੇਂ ਪ੍ਰੋਜੈਕਟ ਨੂੰ ਲੋਕ ਅਰਪਣ ਕਰ ਦਿੱਤਾ ਗਿਆ ਹੈ ਜੋ ਇਲਾਕੇ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਆਪਣਾ ਅਹਿਮ ਯੋਗਦਾਨ ਪਾਵੇਗਾ। ਉਨ੍ਹਾਂ ਕਿਹਾ ਕਿ ਇਸ ਵੱਡੇ ਪ੍ਰੋਜੈਕਟ ਲਈ ਇਲਾਕੇ ਦੇ ਲੋਕ ਪੰਜਾਬ ਸਰਕਾਰ ਦੇ ਧੰਨਵਾਦੀ ਹਨ।