15 ਦਿਨਾਂ ਦੇ ਅੰਦਰ-ਅੰਦਰ ਹਿੱਟ ਐਂਡ ਰਨ ਦੇ ਪੈਂਡਿੰਗ ਕੇਸਾਂ ਦਾ ਕੀਤਾ ਜਾਵੇ ਨਿਪਟਾਰਾ : ਡਿਪਟੀ ਕਮਿਸ਼ਨਰ
ਬਠਿੰਡਾ, 4 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਹਿੱਟ ਐਂਡ ਰਨ ਕੇਸਾਂ ਦੇ ਮੱਦੇਨਜ਼ਰ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ 15 ਦਿਨਾਂ ਦੇ ਅੰਦਰ-ਅੰਦਰ ਹਿਟ ਐਂਡ ਰਨ ਦੇ ਸੰਬੰਧ ਵਿੱਚ ਪੈਂਡਿੰਗ ਪਏ ਕੇਸਾਂ ਦਾ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਸੜਕ ਹਾਦਸਿਆਂ ਵਿੱਚ ਵਾਹਨਾਂ ਰਾਹੀਂ, ਹਿੱਟ ਐਂਡ ਰਨ ਮਾਮਲਿਆਂ ਅਤੇ ਆਵਾਰਾ ਪਸ਼ੂਆਂ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਦਾ ਵੱਖੋ-ਵੱਖ ਡਾਟਾ ਇਕੱਠਾ ਕਰਨ ਲਈ ਵੀ ਆਦੇਸ਼ ਦਿੱਤੇ ਤਾਂ ਜੋ ਉਸ ਨੂੰ ਸਟੱਡੀ ਦੇ ਆਧਾਰ ’ਤੇ ਅਗਲੀ ਰਣਨੀਤੀ ਉਲੀਕਦਿਆਂ ਦੁਰਘਟਨਾਵਾਂ ਅਤੇ ਮੌਤ ਦਰ ਨੂੰ ਘਟਾਇਆ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖ਼ਾਸ ਤੌਰ ’ਤੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ’ਤੇ ਸਖ਼ਤੀ ਕੀਤੀ ਜਾਵੇ ਤਾਂ ਜੋ ਸੜਕ ਹਾਦਸਿਆਂ ’ਚ ਜਾਂਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਰਲ ਕੇ ਹੰਭਲਾ ਮਾਰੀਏ ਤਾਂ ਸੈਂਕੜੇ ਜਾਨਾਂ ਬਚਾਅ ਸਕਦੇ ਹਾਂ।