ਪੰਜਾਬ ਸਰਕਾਰ ਖੇਤੀ ਵਿਭਿੰਨਤਾ ਤੇ ਕਿਸਾਨਾਂ ਦਾ ਆਮਦਨ ਵਧਾਉਣ ਲਈ ਵਚਨਬੱਧ-ਸੰਧਵਾਂ
ਕੋਟਕਪੂਰਾ 5 ਦਸਬੰਰ () ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵਿੱਚੋਂ ਕੱਢਣ, ਉਨ੍ਹਾਂ ਨੂੰ ਬਾਗਬਾਨੀ, ਸਬਜੀਆਂ ਦੀ ਕਾਸ਼ਤ ਤੇ ਖੇਤੀ ਅਧਾਰਿਤ ਹੋਰ ਧੰਦੇ ਜਿਵੇਂ ਡੇਅਰੀ ਫਾਰਮਿੰਗ, ਮੱਖੀ ਪਾਲਣ ਆਦਿ ਪ੍ਰਤੀ ਉਤਸ਼ਾਹਿਤ ਕਰਨ ਅਤੇ ਵੱਖ ਵੱਖ ਨਵੀਨਤਮ ਫਸਲਾਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਖੇਤੀ ਅਧਾਰਿਤ ਮਾਈਕ੍ਰੋ ਉਦਯੋਗ ਲਗਾਉਣ ਲਈ ਉਤਸ਼ਾਹਿਤ ਕਰਨ ਲਈ ਅਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਸਪੀਕਰ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਬਰਗਾੜੀ ਦੇ ਅਗਾਂਹਵਧੂ ਕਿਸਾਨ ਸ. ਅਮਰਜੀਤ ਸਿੰਘ ਢਿੱਲੋਂ ਦੇ ਖੇਤ ਵਿਖੇ ਅਗਾਂਹਵਧੂ ਕਿਸਾਨਾਂ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਜਿਵੇਂ ਖੇਤੀਬਾੜੀ ਵਿਭਾਗ, ਉਦਯੋਗ, ਸਹਿਕਾਰਤਾ ਸਮੇਤ ਹੋਰ ਵਿਭਾਗਾਂ ਨੇ ਹਿੱਸਾ ਲਿਆ।
ਇਸ ਮੌਕੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਨੂੰ ਸਬੰਧੋਨ ਕਰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਫਸਲੀ ਵਿਭਿੰਨਤਾ ਅਤੇ ਖੇਤੀ ਅਧਾਰਿਤ ਹੋਰ ਧੰਦਿਆਂ ਲਈ ਉਤਸ਼ਾਹਿਤ ਕਰਨ ਲਈ ਛੇਤੀ ਹੀ ਖੇਤੀ ਨੀਤੀ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਖੇਤੀ ਅਧਾਰਿਤ ਛੋਟੇ ਉਦਯੋਗ ਲਗਾ ਕੇ ਕਿਸਾਨਾਂ ਨੂੰ ਖੁਦ ਮਾਰਕਟਿੰਗ ਕਰਨ ਵੱਲ ਵੀ ਤੋਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਬਹੁਤ ਹੀ ਵਧੀਆ ਸਕੀਮਾਂ ਹਨ, ਜਿੰਨਾ ਪ੍ਰਤੀ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਉਹ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰਕੇ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਕੈਂਪ ਲਗਾਉਣ ਅਤੇ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ, ਛੋਟੇ ਉਦਯੋਗਾ ਅਤੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਸਹਾਇਕ ਧੰਦਿਆਂ ਲਈ ਦਿੱਤੀ ਜਾਂਦੀ ਸਬਸਿਡੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦੇ ਵੱਧ ਤੋਂ ਵੱਧ ਸਮੂਹ ਬਣਾਏ ਜਾਣ ਅਤੇ ਇਸ ਲਈ ਸਰਕਾਰ ਵੱਲੋਂ ਉਦਯੋਗ ਸਥਾਪਿਤ ਕਰਨ ਲਈ ਇਨ੍ਹਾਂ ਸਮੂਹਾਂ ਨੂੰ 90 ਪ੍ਰਤੀਸ਼ਤ ਤੱਕ ਸਬਸਿਡੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਵਿਭਿੰਨਤਾ ਅਪਣਾਉਣ ਲਈ ਅੱਗੇ ਆਉਣ ਅਤੇ ਸਰਕਾਰ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ ਦੇ ਆਦੇਸ਼ਾਂ ਅਨੁਸਾਰ ਵੱਖ ਵੱਖ ਵਿਭਾਗਾਂ ਵੱਲੋਂ ਕਿਸਾਨਾ ਭਲਾਈ ਸਕੀਮਾਂ, ਸਹਾਇਕ ਧੰਦੇ ਅਪਣਾਉਣ ਅਤੇ ਉਦਯੋਗ ਲਗਾਉਣ ਲਈ ਦਿੱਤੀ ਜਾਂਦੀ ਸਬਸਿਡੀ ਬਾਰੇ ਪਿੰਡਾਂ ਵਿੱਚ ਵੱਡੀ ਪੱਧਰ ਤੇ ਕੈਂਪ ਲਗਾਏ ਜਾਣਗੇ ਅਤੇ ਕਿਸਾਨਾਂ ਨੂੰ ਇਸ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਨੇ ਵੀ ਲਘੂ, ਮਾਧਿਅਮ ਉਦਯੋਗ ਸਥਾਪਿਤ ਕਰਨ ਲਈ ਕਿਸਾਨਾਂ ਜਾ ਕਿਸਾਨ ਸਮੂਹਾਂ ਨੂੰ ਦਿੱਤੀ ਜਾਂਦੀ ਸਬਸਿਡੀ ਆਦਿ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਮੌਕੇ ਅਗਾਂਹਵਧੂ ਕਿਸਾਨ ਇੰਜ. ਅਮਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਬਾਗਬਾਨੀ, ਸਬਜੀਆਂ ਦੀ ਕਾਸ਼ਤ ਸਮੇਤ ਕਰੀਬ 15 ਤਰ੍ਹਾਂ ਦੀਆਂ ਫਲਾਂ, ਫੁੱਲਾਂ ਆਦਿ ਦੀ ਖੇਤੀ ਕਰਦਾ ਹੈ ਅਤੇ ਕਿਸਾਨ ਗਰੁੱਪ ਬਣਾ ਕੇ ਉਨ੍ਹਾਂ ਨੂੰ ਫਲਾਂ ਅਤੇ ਸਬਜੀਆਂ ਦੀ ਕਾਸ਼ਤ ਸਬੰਧੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੂੰ ਸੁਝਾਅ ਦਿੱਤਾ ਕਿ ਵੱਖ ਵੱਖ ਕਿਸਾਨਾਂ ਦੇ ਸਮੂਹ ਬਣਾ ਕੇ ਉਨ੍ਹਾਂ ਦੇ ਉਤਪਾਦ ਵੇਚਣ ਲਈ ਵੱਖ ਵੱਖ ਥਾਵਾਂ ਤੇ ਆਉਟਲੈੱਟ ਸਥਾਪਿਤ ਕੀਤੇ ਜਾਣ।
ਇਸ ਮੌਕੇ ਕਿਸਾਨ ਸ. ਮਨਜੀਤ ਸਿੰਘ ਨੇ ਦੱਸਿਆ ਕਿ ਉਹ ਮਿਰਚ, ਲੱਸਣ , ਪਿਆਜ ਆਦਿ ਦੀ ਖੇਤੀ ਕਰਦਾ ਹੈ ਅਤੇ ਖੁਦ ਹੀ ਇਸ ਦੀ ਮਾਰਕਟਿੰਗ ਕਰਦਾ ਹੈ ਅਤੇ ਵਧੀਆ ਮੁਨਾਫਾ ਕਮਾ ਰਿਹਾ ਹੈ। ਕਿਸਾਨ ਬਲਦੇਵ ਸਿੰਘ ਪਿੰਡ ਪੁਰਾਣਾ ਨੇ ਜੋ, ਗੰਨਾ, ਸਬਜੀਆਂ ਆਦਿ ਦੀ ਕਾਸ਼ਤ ਕਰਦੇ ਹਨ ਅਤੇ ਗੰਨੇ ਤੋਂ ਗੁੜ, ਸ਼ੱਕਰ ਬਣਾਉਣਦੇ ਹਨ, ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਇੰਜੀ. ਸੁਖਜੀਤ ਸਿੰਘ ਢਿੱਲਵਾਂ, ਅਮਨਦੀਪ ਸਿੰਘ ਬਾਬਾ, ਜਨਰਲ ਮੈਨੇਜਰ ਉਦਯੇਗ ਕੇਂਦਰ ਸ. ਸੁਖਮੰਦਰ ਸਿੰਘ ਰੇਖੀ, ਖੇਤੀਬਾੜੀ ਅਫਸਰ ਸ. ਕੁਲਦੀਪ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।