ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਨਹਿਰੀ ਸੂਏ ਵਿੱਚ ਪਏ ਪਾੜ ਨਾਲ ਪ੍ਰਭਾਵਤ ਫ਼ਸਲ ਦਾ ਲਿਆ ਜਾਇਜ਼ਾ
ਫਰੀਦਕੋਟ 14 ਦਸੰਬਰ ( )
ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੇ ਆਦੇਸ਼ਾਂ ਤੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਅਮਰੀਕ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਪਿੰਡ ਕੁਹਾਰਵਾਲਾ ਬਲਾਕ ਕੋਟਕਪੂਰਾ ਵਿਖੇ ਨਹਿਰੀ ਸੂਏ ਦੇ ਟੁੱਟਣ ਨਾਲ ਪ੍ਰਭਾਵਤ ਹੋਈ ਕਣਕ ਦੀ ਫ਼ਸਲ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਕਣਕ ਦੀ ਫ਼ਸਲ ਦੇ ਬਚਾਅ ਲਈ ਜ਼ਰੂਰਤ ਨੁਕਤੇ ਸਾਂਝੇ ਕੀਤੇ। ਟੀਮ ਵਿਚ ਡਾਕਟਰ ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ,ਬਲਾਕ ਤਕਨਾਲੋਜੀ ਪ੍ਰਬੰਧਕ ਡਾਕਟਰ ਜਗਮੀਤ ਸਿੰਘ ਵੀ ਸ਼ਾਮਿਲ ਸਨ । ਜਾਇਜਾ ਲੈਣ ਉਪਰੰਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੂਏ ਦੇ ਟੁੱਟਣ ਕਾਰਨ ਪ੍ਰਭਾਵਤ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ।
ਉਨਾਂ ਦੱਸਿਆ ਕਿ ਪਿਛਲੇ ਦਿਨੀਂ ਨਹਿਰੀ ਸੂਏ ਵਿਚ ਪਏ ਪਾੜ ਕਾਰਨ ਤਕਰੀਬਨ 90 ਏਕੜ ਰਕਬੇ ਵਿੱਚ ਸੂਏ ਦਾ ਪਾਣੀ ਕਣਕ ਅਤੇ ਗੋਭੀ ਦੀ ਫ਼ਸਲ ਵਿਚ ਭਰ ਗਿਆ ਸੀ, ਜਿਸ ਦੀ ਨਿਕਾਸੀ ਕਿਸਾਨਾਂ ਵਲੋਂ ਟਰੈਕਟਰਾਂ ਦੀ ਮਦਦ ਨਾਲ ਕਰ ਦਿੱਤੀ ਗਈ ਹੈ । ਉਨਾਂ ਦੱਸਿਆ ਕਿ ਕੁਝ ਰਕਬਾ ਨੀਂਵਾਂ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ ਜਿਸ ਕਾਰਨ ਕਣਕ ਦੀ ਫ਼ਸਲ ਪ੍ਰਭਾਵਤ ਹੋ ਸਕਦੀ ਹੈ। ਉਨਾਂ ਦੱਸਿਆ ਕਿ ਜਿਨ੍ਹਾਂ ਖੇਤਾਂ ਵਿਚੋਂ ਪਾਣੀ ਦੀ ਨਿਕਾਸੀ ਹੋ ਗਈ ਹੈ। ਉਨਾਂ ਖੇਤਾਂ ਵਿਚ ਕਣਕ ਦੀ ਫ਼ਸਲ ਪੀਲੀ ਪੈ ਸਕਦੀ ਹੈ, ਕਿਉਂਕਿ ਜ਼ਿਆਦਾ ਦੇਰ ਕਣਕ ਦੀ ਫ਼ਸਲ ਵਿਚ ਪਾਣੀ ਖੜ੍ਹਾ ਰਹਿਣ ਕਾਰਨ ਨਾਈਟ੍ਰੋਜਨ ਤੱਤ ਦੀ ਘਾਟ ਆ ਜਾਂਦੀ ਹੈ ਜਿਸ ਕਾਰਨ ਕਣਕ ਦੀ ਫ਼ਸਲ ਪੀਲੀ ਪੈ ਜਾਂਦੀ ਹੈ।
ਉਨਾਂ ਦੱਸਿਆ ਕਿ ਜੇਕਰ ਕਣਕ ਦੀ ਫ਼ਸਲ ਪੀਲੀ ਪੈਂਦੀ ਹੈ ਤਾਂ ਤਿੰਨ ਕਿਲੋ ਯੂਰੀਆ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਦੇ ਘੋਲ ਵਿਚ ਗੋਲ ਨੋਜਲ ਨਾਲ ਛਿੜਕਾਅ ਕਰ ਦੇਣਾ ਚਾਹੀਦਾ ਅਤੇ ਹਫਤੇ ਬਾਅਦ ਵਿੱਚ ਯੂਰੀਆ ਦੀ ਦੂਜੀ ਕਿਸ਼ਤ ਪਾਉਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਤਣੇ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਕਰਨ ਲਈ ਕਣਕ ਦੀ ਫ਼ਸਲ ਦਾ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਖੇਤ ਵਿਚ ਸੁੰਡੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ ਸਬੰਧਤ ਖੇਤੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ। ਉਨਾਂ ਕਿਹਾ ਕਿ ਕਾਹਲੀ ਵਿਚ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਕਣਕ ਦੀ ਫ਼ਸਲ ਦਾ ਨੁਕਸਾਨ ਹੋਵੇ। ਉਨਾਂ ਕਿਹਾ ਕਿ ਠੰਡ ਵਧਣ ਨਾਲ ਸੁੰਡੀ ਦਾ ਪ੍ਰਭਾਵ ਵੀ ਘੱਟ ਹੋ ਜਾਵੇਗਾ। ਉਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਯੂਰੀਆ ਦੀ ਪਹਿਲੀ ਕਿਸ਼ਤ 45 ਕਿਲੋ ਪ੍ਰਤੀ ਏਕੜ ਛੱਟੇ ਨਾਲ ਪਾ ਦੇਣੀ ਚਾਹੀਦੀ ਹੈ।ਉਨਾਂ ਕਿਹਾ ਕਿ ਸਿਫਾਰਸ਼ਾਂ ਤੋਂ ਵੱਧ ਯੂਰੀਆ ਖਾਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਡਾਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਣਕ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਸਹੀ ਨਦੀਨਨਾਸ਼ਕ ਦੀ ਸਹੀ ਮਾਤਰਾ ਵਿਚ, ਸਹੀ ਸਮੇਂ ਤੇ ਸਹੀ ਛਿੜਕਾਅ ਤਕਨੀਕ ਵਰਤ ਕੇ ਛਿੜਕਾਅ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਪੱਧਰ ਤੇ ਦੋ ਜਾਂ ਦੋ ਤੋਂ ਵੱਧ ਨਦੀਨ ਨਾਸ਼ਕਾਂ ਦਾ ਮਿਸ਼ਰਨ ਬਣਾ ਕੇ ਛਿੜਕਾਅ ਨਹੀਂ ਕਰਨਾ ਚਾਹੀਦਾ।