ਪਿੰਡ ਝੁਰੜ ਖੇੜਾ ਅਤੇ ਪਿੰਡ ਪੱਟੀ ਸਦੀਕ ਵਿਖ਼ੇ ਕਰੀਬ 40 ਲੱਖ ਦੀ ਲਾਗਤ ਨਾਲ ਉਲੀਕੇ ਜਾ ਰਹੇ ਵਿਕਾਸ ਪ੍ਰੋਜੈਕਟ
ਬਲੂਆਣਾ, ਫਾਜ਼ਿਲਕਾ 20 ਸਤੰਬਰ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਸਦਕਾ ਲਗਾਤਾਰ ਉਪਰਾਲੇ ਕਰ ਰਹੀ ਹੈ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਖੇਡ ਪ੍ਰੋਜੈਕਟਾਂ ਦੀ ਸਿਰਜਣਾ ਕੀਤੀ ਜਾ ਰਹੀ ਹੈ ਤੇ ਖੇਡ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਝੁਰੜ ਖੇੜਾ ਵਿਖ਼ੇ ਵਾਲੀਵਾਲ ਗਰਾਊਂਡ ਦਾ ਉਦਘਾਟਨ ਅਤੇ ਪਿੰਡ ਪੱਟੀ ਸਦੀਕ ਵਿਖੇ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਵਿਧਾਇਕ ਬਲੂਆਣਾ ਸ੍ਰੀ ਅਮਨਦੀਪ ਸਿੰਘ ਨੌਜਵਾਨਾਂ ਦੀ ਮੰਗ ਨੂੰ ਪੁਰਾ ਕਰਦਿਆਂ ਪਿੰਡ ਝੁਰੜ ਖੇੜਾ ਵਿਖ਼ੇ ਲਗਭਗ 10 ਲੱਖ ਰੁਪਏ ਦੀ ਲਾਗਤ ਨਾਲ ਵਾਲੀਵਾਲ ਗਰਾਊਂਡ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾ ਨੂੰ ਮਾੜੀ ਸੰਗਤ ਤੋਂ ਬਚਾਉਣ ਲਈ ਖੇਡਾਂ ਵੱਲ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਖੇਡਣ ਨਾਲ ਜਿਥੇ ਨੋਜਵਾਨ ਮਾੜੀਆਂ ਕੁਰੀਤਿਆਂ ਤੋਂ ਬਚਿਆ ਰਹੇਗਾ ਉਥੇ ਸਿਹਤਮੰਦ ਵੀ ਬਣੇਗਾ।
ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਹਲਕਾ ਬੱਲੂਆਣਾ ਦੇ ਪਿੰਡ ਪੱਟੀ ਸਦੀਕ ਵਿਖ਼ੇ 29.91 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਰਗ ਨੂੰ ਕਿਤਾਬੀ ਗਿਆਨ ਦੇਣ ਦੇ ਨਾਲ-ਨਾਲ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਲਈ ਵੀ ਲਾਇਬ੍ਰੇਰੀ ਸਿਰਜਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ।