ਪੰਜਾਬ ਸਰਕਾਰ ਵੱਲੋਂ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਸਕੂਲਾਂ ਲਈ 100 ਕਰੋੜ 50 ਲੱਖ ਰੁਪਏ ਜਾਰੀ -ਅਮਨਦੀਪ ਸਿੰਘ ਗੋਲਡੀ ਮੁਸਾਫਿਰ
ਬੱਲੂਆਣਾ 8 ਦਸੰਬਰ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਸਕੂਲਾਂ ਲਈ 100 ਕਰੋੜ 50 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ। ਇਹ ਜਾਣਕਾਰੀ ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਦਿੱਤੀ ਹੈ।
ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਇਸ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲਈ ਸਿੱਖਿਆ ਇੱਕ ਵੱਡੀ ਤਰਜੀਹ ਹੈ। ਉਨਾਂ ਨੇ ਆਖਿਆ ਕਿ ਪੰਜਾਬ ਸਿੱਖਿਆ ਕ੍ਰਾਂਤੀ ਦੇ ਰਾਹ ਤੇ ਚੱਲ ਰਿਹਾ ਹੈ ਅਤੇ ਬੱਲੂਆਣਾ ਹਲਕਾ ਸੂਬੇ ਦਾ ਅਜਿਹਾ ਹਲਕਾ ਹੈ ਜਿਸ ਨੂੰ ਸਭ ਤੋਂ ਵੱਧ ਗਰਾਂਟ ਸਕੂਲਾਂ ਲਈ ਮਿਲੀ ਹੈ।
ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਸਕੂਲ ਵਧੀਆ ਹੋਣਗੇ ਤਾਂ ਸਾਡੇ ਬੱਚਿਆਂ ਨੂੰ ਮਿਆਰੀ ਅਤੇ ਗੁਣਾਤਮਕ ਸਿੱਖਿਆ ਮਿਲਣ ਲੱਗੇਗੀ ਤਾਂ ਸਾਡੀ ਅਗਲੀ ਪੀੜੀ ਸਫਲ ਹੋਵੇਗੀ ਜਿਸ ਨਾਲ ਸਾਡੇ ਪੂਰੇ ਸਮਾਜ ਦੀ ਸਫਲਤਾ ਹੈ।
ਵਿਧਾਇਕ ਨੇ ਕਿਹਾ ਕਿ ਬੱਲੂਆਣਾ ਹਲਕਾ ਪੂਰੀ ਤਰਾਂ ਪੇਂਡੂ ਹਲਕਾ ਹੈ ਅਤੇ ਇੱਥੇ ਸਿੱਖਿਆ ਸਹੂਲਤਾਂ ਦੀ ਬਹੁਤ ਜਿਆਦਾ ਜਰੂਰਤ ਹੈ। ਇਸ ਗੱਲ ਨੂੰ ਸਮਝਦਿਆਂ ਪੰਜਾਬ ਸਰਕਾਰ ਨੇ ਹਲਕੇ ਦੇ ਸਕੂਲਾਂ ਦੇ ਵਿਕਾਸ ਲਈ ਇਹ ਵੱਡੀ ਰਕਮ ਜਾਰੀ ਕੀਤੀ ਹੈ। ਵਿਦਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਹਲਕੇ ਵਿੱਚ ਨਵਾਂ ਕਾਲਜ ਪਿੰਡ ਸੁਖਚੈਨ ਵਿਖੇ ਬਣ ਗਿਆ ਹੈ ਜਿਸ ਦਾ ਉਦਘਾਟਨ ਪਿਛਲੇ ਦਿਨੀ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਕੀਤਾ ਹੈ। ਇਸ ਤੋਂ ਬਿਨਾਂ ਪਿੰਡ ਰਾਮਸਰਾ ਦੇ ਵਿੱਚ ਸਕੂਲ ਆਫ ਐਮੀਨੈਂਸ ਵੀ ਪੰਜਾਬ ਸਰਕਾਰ ਨੇ ਬਣਾਇਆ ਹੈ। ਉਹਨਾਂ ਨੇ ਕਿਹਾ ਕਿ ਇਸ ਰਕਮ ਨਾਲ ਹਲਕੇ ਦੇ ਸਕੂਲਾਂ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਇਹਨਾਂ ਸਰਕਾਰੀ ਸਕੂਲਾਂ ਤੋਂ ਹੋਰ ਵੀ ਵਧੀਆ ਤਰੀਕੇ ਨਾਲ ਮਿਆਰੀ ਅਤੇ ਗੁਣਾਤਮਕ ਸਿੱਖਿਆ ਮਿਲੇਗੀ।