ਰਾਸ਼ਟਰੀ ਏਕਤਾ ਦਾ ਸੰਕਲਪ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਲਈ ਲਾਜ਼ਮੀ: ਬਨਵਾਰੀ ਲਾਲ ਪ੍ਰੋਹਿਤ

ਰਾਸ਼ਟਰੀ ਏਕਤਾ ਦਾ ਸੰਕਲਪ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਲਈ ਲਾਜ਼ਮੀ: ਬਨਵਾਰੀ ਲਾਲ ਪ੍ਰੋਹਿਤ

ਐੱਸ.ਏ.ਐੱਸ. ਨਗਰ, 24 ਜੂਨ, 2024:

ਬਾਲ ਭਲਾਈ ਕੌਂਸਲ, ਪੰਜਾਬ, ਵੱਲੋਂ 24 ਜੂਨ ਤੋਂ 29 ਜੂਨ ਤਕ ਲਾਏ ਜਾ ਰਹੇ 39ਵੇਂ ‘ਨੈਸ਼ਨਲ ਲਰਨ ਟੂ ਲਿਵ ਟੂਗੈਦਰ ਕੈਂਪ’ ਦਾ ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6 ਵਿਖੇ ਉਦਘਾਟਨ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਪ੍ਰੋਹਿਤ ਨੇ ਕਿਹਾ ਕਿ ਇਸ ਕੈਂਪ ਦਾ ਉਦਘਾਟਨ ਕਰ ਕੇ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ, ਕਿਉਂ ਜੋ ਇਸ ਦਾ ਉਦੇਸ਼ ਬਹੁਤ ਮਹਾਨ ਹੈ, ਜਿਹੜਾ ਰਾਸ਼ਟਰੀ ਏਕਤਾ ਦੇ ਸੰਕਲਪ ਨੂੰ ਮਜ਼ਬੂਤ ਕਰਦਾ ਹੈ ਅਤੇ ਇਹ ਦੇਸ਼ ਨੂੰ ਵਿਸ਼ਵ ਗੁਰੂ ਬਨਾਉਣ ਲਈ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸੱਭਿਆਚਾਰ ਸਦੀਆਂ ਪੁਰਾਣਾ ਹੈ, ਜਿਸ ਦਾ ਅਧਾਰ ਪੂਰੇ ਵਿਸ਼ਵ ਨੂੰ ਇਕ ਭਾਈਚਾਰਾ ਮੰਨਣ ਦੇ ਸਿਧਾਂਤ ਉੱਤੇ ਟਿਕਿਆ ਹੈ। ਸਮਾਜ ਵਿੱਚ ਕੋਈ ਵੀ ਵੱਡਾ ਤੇ ਕੋਈ ਵੀ ਛੋਟਾ ਨਹੀਂ ਹੈ, ਇਹ ਭਾਵਨਾ ਵਿਦਿਆਰਥੀਆਂ ਵਿੱਚ ਪੈਦਾ ਕਰਨੀ ਵੀ ਲਾਜ਼ਮੀ ਹੈ।
ਸ਼੍ਰੀ ਪੁਰੋਹਿਤ ਨੇ ਭਾਰਤੀ ਪੁਰਾਣਕਿਤਾ ਦੇ ਹਵਾਲੇ ਦਿੰਦਿਆਂ ਦੱਸਿਆ ਕਿ ਭਾਰਤ ਵਿਚ ਕਦੇ ਵੀ ਕੋਈ ਭੇਦਭਾਵ ਨਹੀਂ ਸੀ ਤੇ ਹੋਣਾ ਵੀ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਗੰਗਾ ਪਹਾੜਾਂ ਵਿੱਚੋਂ ਨਿਕਲਦੀ ਹੈ ਤੇ ਬਿਨਾਂ ਕਿਸੇ ਸੱਭਿਆਚਾਰ ਅਤੇ ਧਾਰਮਿਕ ਵਖਰੇਵੇਂ ਤੋਂ ਸਭ ਦੀ ਪਿਆਸ ਬੁਝਾਉਂਦੀ ਹੈ। ਇਸੇ ਨੂੰ ਮੁੱਖ ਰੱਖਦਿਆਂ ‘ਇਕ ਭਾਰਤ ਸ੍ਰੇਸ਼ਟ ਭਾਰਤ’ ਦਾ ਨਾਅਰਾ ਦਿੱਤਾ ਗਿਆ ਹੈ। ਬਾਲ ਭਲਾਈ ਕੌਂਸਲ ਵੱਲੋਂ ਰਾਸ਼ਟਰੀ ਕੈਂਪ ਦੀ ਮੇਜ਼ਬਾਨੀ ਦੇ ਰੂਪ ਵਿੱਚ ਕੀਤੇ ਇਸ ਉਪਰਾਲੇ ਦੀ ਰਾਜਪਾਲ ਵਲੋਂ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਇਹ ਕੌਮੀ ਕੈਂਪ ਹੈ ਜੋ ਕਿ ਅਨੇਕਤਾ ਵਿੱਚ ਏਕਤਾ ਦੇ ਸੰਕਲਪ ਅਤੇ ਸੰਦੇਸ਼ ’ਤੇ ਅਧਾਰਤ ਹੈ।
ਰਾਜਪਾਲ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ। ਉਹਨਾਂ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਸਾਦਾ ਜੀਵਨ ਜਿਊਣ ਦਾ ਸਿਧਾਂਤ ਦਿੱਤਾ ਹੈ, ਇਸ ਲਈ ਕੋਈ ਬੱਚਾ ਵੱਡੀ ਕਾਰ ਵਿੱਚ ਆਉਣ ਨਾਲ ਵੱਡਾ ਨਹੀਂ ਹੁੰਦਾ ਤੇ ਸਾਈਕਲ ਉੱਤੇ ਆਉਣ ਨਾਲ ਕੋਈ ਛੋਟਾ ਨਹੀਂ ਹੁੰਦਾ। ਕਦੇ ਵੀ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ ਅਤੇ ਆਪਣੀ ਜ਼ਿੰਦਗੀ ਆਪਣੇ ਸਾਧਨਾਂ ਨਾਲ ਜਿਊਣੀ ਚਾਹੀਦੀ ਹੈ। ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦੀ ਉਦਾਹਰਣ ਦਿੱਤੀ ਕਿ ਕਿਵੇਂ ਗਰੀਬੀ ਵਿੱਚੋਂ ਉੱਠ ਕੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤੇ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦਿੱਤਾ। ਉਹਨਾਂ ਨੇ ਵੀ ਆਪਣਾ ਜੀਵਨ ਬਿਲਕੁਲ ਸਾਦਾ ਰੱਖਿਆ। ਉਨ੍ਹਾਂ ਵੱਲੋਂ ਨਦੀ ਪਾਰ ਕਰਕੇ ਸਕੂਲੀ ਸਿਖਿਆ ਹਾਸਲ ਕਰਨ ਦੀ ਕਰੜੀ ਮਿਸਾਲ ਨੂੰ ਵੀ ਰਾਜਪਾਲ ਨੇ ਬੱਚਿਆਂ ਸਾਹਵੇਂ ਪ੍ਰੇਰਕ ਪ੍ਰਸੰਗ ਵਜੋਂ ਪੇਸ਼ ਕੀਤਾ।
ਇਸੇ ਤਰ੍ਹਾਂ ਉਹਨਾਂ ਨੇ ਸ਼੍ਰੀ ਈਸ਼ਵਰ ਚੰਦਰ ਵਿਦਿਆਸਾਗਰ ਦੇ ਜੀਵਨ ਦੀ ਵੀ ਉਦਾਹਰਣ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਸਦਾ ਚੰਗੇ ਦੋਸਤ ਬਣਾਓ ਤੇ ਚੰਗੀ ਸੰਗਤ ਕਰੋ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚੋਂ ਦੋ ਪੱਕੇ ਦੋਸਤ ਚੁਣੋ ਤੇ ਸਾਰੀ ਜ਼ਿੰਦਗੀ ਦੋਸਤੀ ਨਿਭਾਓ।
ਇਸ ਤੋਂ ਪਹਿਲਾਂ ਚੇਅਰਪਰਸਨ ਬਾਲ ਭਲਾਈ ਕੌਂਸਲ, ਸ਼੍ਰੀਮਤੀ ਪ੍ਰਾਜਕਤਾ ਅਵਾਢ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਉਹਨਾਂ ਨੇ ਦੱਸਿਆ ਕਿ ਇਸ ਕੈਂਪ ਵਿੱਚ 10 ਤੋਂ 14 ਸਾਲ ਦੇ 16 ਸੂਬਿਆਂ ਦੇ ਬੱਚੇ ਹਿੱਸਾ ਲੈ ਰਹੇ ਹਨ। ਕੈਂਪ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਇਸ ਕੈਂਪ ਵਿੱਚ ਵੱਖੋ-ਵੱਖ ਸੱਭਿਆਚਾਰਾਂ ਦੇ ਬੱਚਿਆਂ ਨੂੰ ਇਕੱਠੇ ਰਹਿ ਕੇ ਇਕ ਦੂਸਰੇ ਨੂੰ ਜਾਣਨ ਦਾ ਮੌਕਾ ਮਿਲੇਗਾ। ਇਸ ਨਾਲ ਅਨੇਕਤਾ ਵਿੱਚ ਏਕਤਾ ਦੇ ਸਿਧਾਂਤ ਨੂੰ ਬਲ ਮਿਲਦਾ ਹੈ।
ਡਾ. ਪ੍ਰੀਤਮ ਸੰਧੂ, ਸਕੱਤਰ, ਬਾਲ ਭਲਾਈ ਕੌਂਸਲ, ਨੇ ਕੈਂਪ ਦੇ ਉਦੇਸ਼ ਬਾਬਤ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਅਕਾਦਮਿਕ ਸੈਸ਼ਨ, ਇਨਡੋਰ ਖੇਡਾਂ, ਸੈਰ ਸਪਾਟਾ, ਥੀਏਟਰ, ਯੋਗਾ, ਬੱਚਿਆਂ ਦੇ ਸ਼ੋਸ਼ਣ ਤੋਂ ਬਚਾਅ ਬਾਰੇ ਜਾਗਰੂਕ ਕਰਨ ਸਮੇਤ ਵੱਖੋ ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ। ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਰਾਜਪਾਲ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਨੇ ਇਸ ਕੈਂਪ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। ਉਹਨਾਂ ਦੱਸਿਆ ਕਿ ਬਾਲ ਭਲਾਈ ਕੌਂਸਲ ਵਲੋਂ ਲੋੜਵੰਦ ਘਰਾਂ ਦੇ ਬੱਚਿਆਂ ਨੂੰ ਟਿਊਸ਼ਨ ਦੇਣ ਦਾ ਪ੍ਰੋਜੈਕਟ ਵੀ ਚੱਲ ਰਿਹਾ ਹੈ।
ਇਸ ਮੌਕੇ ਵਿਸ਼ੇਸ਼ ਬਾਲਾਂ ਦੇ ਸਕੂਲ ਵਾਣੀ ਸਕੂਲ ਦੇ ਦਿਵਿਆਂਗ ਵਿਦਿਆਰਥੀਆਂ ਵੱਲੋਂ ਬਹੁਤ ਹੀ ਭਾਵਪੂਰਨ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਬੱਚਿਆਂ ਦੀ ਬਿਹਤਰੀ ਲਈ ਵੱਖੋ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿੱਚ ਗੁਰਦੀਪ ਸ਼ਰਮਾ, ਜਸਕੰਵਲਜੀਤ ਕੌਰ, ਡਾ. ਰਵਿੰਦਰ ਸਿੰਘ, ਅਨਿਲ ਸਿੱਧੂ, ਪ੍ਰਵੇਸ਼ ਕੁਮਾਰ, ਮਹਿੰਦਰ ਤੁਲ, ਕੁਲਵਿੰਦਰ ਸਿੰਘ, ਗੁਰਦੀਪ ਧੀਮਾਨ, ਅਭਿਸ਼ੇਕ ਸ਼ਰਮਾ, ਮਿਸ ਰਿੰਪੀ, ਅਨੂਪਕਿਰਨ ਕੌਰ ਦਾ ਸਨਮਾਨ ਕੀਤਾ ਗਿਆ।

ਇਸ ਤੋਂ ਇਲਾਵਾ ਪ੍ਰਮੁੱਖ ਸਕੱਤਰ, ਜਲ ਸਪਲਾਈ ਤੇ ਸੈਨੀਟੇਸ਼ਨ, ਪੰਜਾਬ, ਨੀਲਕੰਠ ਅਵਾਢ ਤੇ ਵਧੀਕ ਡਿਪਟੀ ਕਮਿਸ਼ਨਰ (ਜ), ਐੱਸ.ਏ.ਐੱਸ. ਨਗਰ, ਵਿਰਾਜ ਸ਼ਿਆਮਕਰਣ ਤਿੜਕੇ ਦਾ ਵੀ ਉੱਚੇਚੇ ਤੌਰ ਉੱਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਚਿੰਨ੍ਹ ਹੱਥ-ਪੱਖੀ ਨਾਲ ਰਾਜਪਾਲ ਪੰਜਾਬ ਦਾ ਸਨਮਾਨ ਵੀ ਕੀਤਾ ਗਿਆ। ਇਸ ਕੈਂਪ ਲਈ ਅਨਹਦ ਫਾਊਂਡੇਸ਼ਨ ਨੇ ਉਚੇਚਾ ਸਹਿਯੋਗ ਦਿੱਤਾ ਹੈ। ਇਸ ਮੌਕੇ ਐੱਸ ਡੀ ਐਮ ਮੋਹਾਲੀ ਸ਼੍ਰੀ ਦੀਪਾਂਕਰ ਗਰਗ, ਖਜ਼ਾਨਚੀ ਬਾਲ ਭਲਾਈ ਕੌਂਸਲ, ਰਤਿੰਦਰ ਬਰਾੜ ਵੀ ਹਾਜ਼ਰ ਸਨ।

Tags:

Advertisement

Latest News

Desi Ghee Benefits: ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਦਾ ਦੇਸੀ ਘਿਓ Desi Ghee Benefits: ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਦਾ ਦੇਸੀ ਘਿਓ
ਆਯੁਰਵੇਦ ਮਾਹਕਾਂ ਮੁਤਾਬਕ ਘਿਓ ਵਿਟਾਮਿਨ ਡੀ (Vitamin D) ਦਾ ਇੱਕ ਵਧੀਆ ਸਰੋਤ ਹੈ ਜੋ ਸਰੀਰ ਵਿੱਚ ਕੈਲਸ਼ੀਅਮ (Calcium) ਨੂੰ ਸੋਖ...
ਡੱਚ ਨੋਬਲ ਪੁਰਸਕਾਰ ਜੇਤੂ ਪ੍ਰੋ. ਜੇਰਾਰਡ 'ਟੀ ਹੂਫਟ ਨੇ Chandigarh University ਦੇ 926 ਵਿਦਿਆਰਥੀਆਂ ਨੂੰ ਡਿਗਰੀਆਂ ਕੀਤੀ ਪ੍ਰਦਾਨ
State Election Commission Punjab ਨੇ ਮੋਹਾਲੀ ਦੇ ਜਗਤਪੁਰਾ ਗ੍ਰਾਮ ਪੰਚਾਇਤ ਦੀ ਚੋਣ ਪ੍ਰਕਿਰਿਆ ਨੂੰ ਮੁਅੱਤਲ ਕੀਤਾ
ਭਗਵੰਤ ਮਾਨ ਦੇ ਯਤਨਾਂ ਸਦਕਾ ਝੋਨੇ ਦੀ ਖਰੀਦ ਲਈ ਰਾਹ ਪੱਧਰਾ ਹੋਇਆ,ਮਿੱਲ ਮਾਲਕਾਂ ਦੀ ਹੜਤਾਲ ਖਤਮ
ਜਿਲਾ ਕਚਹਿਰੀ, ਅੰਮ੍ਰਿਤਸਰ ਵਿਖੇ ਸਵੱਛਤਾ ਅਭਿਆਨ ਸਵੱਛਤਾ ਹੀ ਸੇਵਾ ਦੀ ਸੁਰੂਆਤ
ਕੇਂਦਰੀ ਜੇਲ੍ਹ ਅੰਮ੍ਰਿਤਸਰ ਮੈਡੀਕਲ ਕੈਂਪ ਲਗਾਇਆ: ਜੱਜ ਅਮਰਦੀਪ ਸਿੰਘ ਬੈਂਸ
ਸਿਵਲ ਸਰਜਨ ਵਲੋਂ ਵੱਖ-ਵੱਖ ਸਿਹਤ ਸੰਸਥਾਵਾਂ ਦੀ ਅਚਨਚੇਤ ਚੈਕਿੰਗ