ਕੱਕਾ ਕੰਡਿਆਲਾ ਰੇਲਵੇ ਓਵਰ ਬ੍ਰਿਜ ਬਣਨ ਨਾਲ ਹਲਕਾ ਵਾਸੀਆਂ ਨੂੰ ਟਰੈਫਿਕ ਸਮੱਸਿਆ ਤੋਂ ਮਿਲੇਗੀ ਬੜੀ ਵੱਡੀ ਰਾਹਤ -ਵਿਧਾਇਕ ਸੋਹਲ
Tarn Tarn/Chandigarh, 22 September 2024,(Azad Soch News):- ਅੰਮ੍ਰਿਤਸਰ ਤੋਂ ਤਰਨ ਤਾਰਨ ਪੁਰਾਣੀ ਰੋਡ (Tarn Tarn Old Road) ‘ਤੇ ਵੱਧ ਰਹੀ ਟਰੈਫਿਕ ਸਮੱਸਿਆ ਦੇ ਮੱਦੇਨਜ਼ਰ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ (Power Minister Harbhajan Singh ETO) ਵੱਲੋਂ ਅੱਜ ਇਥੇ ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ ਦੀ ਹਾਜਰੀ ਵਿੱਚ ਏ-25 ਰੇਲਵੇ ਲਾਈਨ (ਕੱਕਾ ਕੰਡਿਆਲਾ ਰੇਲਵੇ ਲਾਈਨ) ‘ਤੇ ਚਾਰ ਮਾਰਗੀ ਓਵਰ ਬ੍ਰਿਜ ਦਾ ਨੀਹ ਪੱਥਰ ਰੱਖਿਆ ਗਿਆ।ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਇਤਿਹਾਸਿਕ ਨਗਰੀ ਤਰਨ ਤਰਨ ਵਿਖੇ ਟਰੈਫਿਕ ਦੀ ਸਮੱਸਿਆ ਕਾਫੀ ਵੱਧਦੀ ਜਾ ਰਹੀ ਸੀ ਅਤੇ ਲੱਖਾਂ ਹੀ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਤਰਨ ਤਰਨ ਵਿਖੇ ਨਤਮਸਤਕ ਹੋਣ ਲਈ ਆਉਂਦੇ ਸਨ। ਪਰ ਟਰੈਫਿਕ ਸਮੱਸਿਆ ਦੇ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਕਿਹਾ ਕਿ ਚਾਰ ਮਾਰਗੀ ਰੇਲਵੇ ਓਵਰ ਬ੍ਰਿਜ ਬਣਨ ਤੇ ਤਕਰੀਬਨ 70 ਕਰੋੜ ਰੁਪਏ ਦਾ ਖਰਚਾ ਆਵੇਗਾ ਅਤੇ ਬ੍ਰਿਜ 770 ਮੀਟਰ ਲੰਬਾ ਤੇ 5.5 ਮੀਟਰ ਚੌੜਾ ਹੋਵੇਗਾ। ਮੰਤਰੀ ਈਟੀਓ ਨੇ ਦੱਸਿਆ ਕਿ ਤਕਰੀਬਨ ਡੇਢ ਸਾਲ ਦੇ ਅੰਦਰ ਅੰਦਰ ਓਵਰਬ੍ਰਿਜ ਦਾ ਕੰਮ ਖਤਮ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਅਖੀਰ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਹਲਕੇ ਵਿੱਚ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਦੀ ਸ਼ਲਾਘਾ ਵੀ ਕੀਤੀ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਹਲਕਾ ਨਿਵਾਸੀਆਂ ਦੀ ਪਿਛਲੇ ਕਈ ਸਾਲਾਂ ਤੋਂ ਰੇਲਵੇ ਓਵਰ ਬ੍ਰਿਜ ਦੀ ਮੰਗ ਸੀ, ਜਿਸ ਨੂੰ ਅੱਜ ਮੰਤਰੀ ਹਰਭਜਨ ਸਿੰਘ ਈਟੀਓ ਨੇ ਪੂਰਾ ਕਰਕੇ ਹਲਕਾ ਵਾਸੀਆਂ ਨੂੰ ਬੜੀ ਵੱਡੀ ਰਾਹਤ ਦਿੱਤੀ। ਜਿਸ ਤੇ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ । ਵਿਧਾਇਕ ਨੇ ਕਿਹਾ ਹੈ ਕਿ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਤਰਨ ਤਰਨ ਨਤਮਸਤਕ ਹੋਣ ਲਈ ਆਉਂਦੇ ਸਨ ਅਤੇ ਟਰੈਫਿਕ ਸਮੱਸਿਆ ਹੋਣ ਦੇ ਕਾਰਨ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਵਿਧਾਇਕ ਸੋਹਲ ਨੇ ਦੱਸਿਆ ਕਿ ਸ਼ਹਿਰ ਦੇ ਸੁੰਦਰੀਕਰਨ ਲਈ ਸ਼ਹਿਰ ਵਿੱਚ ਨਵੀਆਂ ਪਾਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ, ਐਲਈਡੀ ਲਾਈਟਾਂ ਲਗਵਾਈਆਂ ਜਾ ਰਹੀਆਂ ਹਨ। ਸੱਚਖੰਡ ਰੋਡ ‘ਤੇ ਸਥਿਤ ਕੂੜੇ ਦੇ ਡੰਪ ਨੂੰ ਵੀ ਹਟਾਇਆ ਜਾ ਰਿਹਾ ਹੈ। ਵਿਧਾਇਕ ਨੇ ਦੱਸਿਆ ਕਿ ਜੰਡਿਆਲਾ ਰੋਡ ਰੇਲਵੇ ਲਾਈਨ ‘ਤੇ ਵੀ ਰੇਲਵੇ ਓਵਰ ਬ੍ਰਿਜ ਬਣਾਉਣ ਲਈ ਸਰਕਾਰ ਨੂੰ ਲਿਖਿਆ ਗਿਆ ਹੈ, ਜਿਸ ਨੂੰ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਲਦ ਪੂਰਾ ਕੀਤਾ ਜਾਵੇਗਾ।ਇਸ ਮੌਕੇ ਐਡਵੋਕੇਟ ਕੋਮਲਪ੍ਰੀਤ ਸਿੰਘ ਪੀਏ, ਬਲਾਕ ਪ੍ਰਧਾਨ ਜਸਕਰਨ ਸਿੰਘ, ਬਲਾਕ ਪ੍ਰਧਾਨ ਸਰਬਰਿੰਦਰ ਸਿੰਘ ਭਰੋਵਾਲ, ਅੰਗਰੇਜ਼ ਸਿੰਘ ਢੰਡ, ਬਲਵਿੰਦਰ ਸਿੰਘ ਬਿੱਲਾ, ਮਾਸਟਰ ਤਸਵੀਰ ਸਿੰਘ, ਪ੍ਰਿੰਸੀਪਲ ਫੂਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ|