ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਫਾਜ਼ਿਲਕਾ ਦਾ ਦੌਰਾ,
ਫਾਜ਼ਿਲਕਾ 17 ਸਤੰਬਰ
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ (ਲੱਖਾ) ਸਿੰਗਲਾ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨਾਂ ਨੇ ਪਿੰਡ ਸਲੇਮ ਸ਼ਾਹ ਵਿੱਚ ਬਣੇ ਸਰਕਾਰੀ ਕੈਟਲ ਪੌਂਡ ਵਿਖੇ ਜਾ ਕੇ ਗਊ ਵੰਸ ਦੀ ਸਾਂਭ ਸੰਭਾਲ ਦਾ ਜਾਇਜ਼ਾ ਲਿਆ ਅਤੇ ਬਾਅਦ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।
ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ (ਲੱਖਾ) ਸਿੰਗਲਾ ਨੇ ਆਖਿਆ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਆਮ ਲੋਕ ਗਊਆਂ ਦੀ ਸੰਭਾਲ ਵਿੱਚ ਬਣਦਾ ਯੋਗਦਾਨ ਪਾ ਰਹੇ ਹਨ। ਉਹਨਾਂ ਨੇ ਕਿਹਾ ਕਿ ਵਿਭਾਗਾਂ ਵੱਲੋਂ ਵੀ ਗਊ ਸੰਭਾਲ ਵਿੱਚ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਗਊਵੰਸ ਦੀ ਸੰਭਾਲ ਕਰੀਏ। ਉਨਾਂ ਨੇ ਇਸ ਮੌਕੇ ਆਖਿਆ ਕਿ ਫਾਜ਼ਿਲਕਾ ਦੇ ਸਰਕਾਰੀ ਕੈਟਲ ਪੌਂਡ ਵਿੱਚ ਪੰਜ ਹੋਰ ਨਵੇਂ ਸ਼ੈਡ ਸਥਾਪਿਤ ਕੀਤੇ ਜਾਣਗੇ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਬਿਨਾਂ ਜ਼ਿਲਾ ਪੱਧਰੀ ਕੈਟਲ ਪਾਉਂਡ ਵਿੱਚ ਗਊ ਵੰਸ ਦੀ ਸਾਂਭ ਸੰਭਾਲ ਲਈ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਕੈਟਲ ਪੌਂਡ ਵਿੱਚ ਗਊ ਵੰਸ ਦੀ ਸੰਭਾਲ ਲਈ ਕੀਤੀ ਵਿਵਸਥਾ ਤੇ ਸੰਤੁਸ਼ਟੀ ਪ੍ਰਗਟਾਈ ।
ਇਸ ਮੌਕੇ ਚੇਅਰਮੈਨ ਨੇ ਖਾਸ ਤੌਰ ਤੇ ਆਖਿਆ ਕਿ ਬੇਸਹਾਰਾ ਗਊ ਵੰਸ ਦੀ ਸਾਂਭ ਸੰਭਾਲ ਲਈ ਵਿਆਪਕ ਯੋਜਨਾ ਬੰਦੀ ਕੀਤੀ ਜਾ ਰਹੀ ਹੈ। ਉਹਨਾਂ ਨੇ ਪ੍ਰਾਈਵੇਟ ਗਊਸ਼ਾਲਾਵਾਂ ਵੱਲੋਂ ਗਊ ਵੰਸ਼ ਦੀ ਕੀਤੀ ਜਾ ਰਹੀ ਸਾਂਭ ਸੰਭਾਲ ਲਈ ਉਹਨਾਂ ਦਾ ਵੀ ਧੰਨਵਾਦ ਕੀਤਾ। ਇਸ ਦੌਰਾਨ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਬੈਠਕ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਗਊਸ਼ਾਲਾ ਵਿੱਚ ਗਊ ਵੰਸ਼ ਦੀ ਸੰਭਾਲ ਨੂੰ ਹੋਰ ਬਿਹਤਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇੱਥੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਕੀਤਾ ਜਾਵੇਗਾ।
ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਸ੍ਰੀ ਅਰੁਣ ਵਧਵਾ, ਸੀਈਓ ਆਸ਼ੀਸ਼ ਕੁਮਾਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਕੇਸ਼ ਕੁਮਾਰ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਮਰਿੰਦਰ ਸਿੰਘ ਮੱਲੀ, ਡੀਡੀਪੀਓ ਗੁਰਦਰਸ਼ਨ ਸਿੰਘ, ਐਸ ਵੀ ਓ ਡਾਕਟਰ ਮਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।